ਦਰਿਆ 'ਚੋਂ ਵਿਅਕਤੀ ਦੀ ਲਾਸ਼ ਬਰਾਮਦ, ਪਰਿਵਾਰਕ ਮੈਂਬਰਾਂ ਨੇ ਘੇਰਿਆ ਥਾਣਾ
ਹੁਸ਼ਿਆਰਪੁਰ : ਹਲਕਾ ਮੁਕੇਰੀਆਂ ਦੇ ਪਿੰਡ ਜਹਾਦਪੁਰ ਤਗੜ੍ਹ ਵਿੱਚ ਬੀਤੇ ਦਿਨ ਨਾਜਾਇਜ਼ ਮਾਈਨਿੰਗ ਨਾਲ ਬਿਆਸ ਦਰਿਆ ਵਿੱਚ ਪਏ ਟੋਇਆ ਕਾਰਨ ਲਾਪਤਾ ਹੋਏ ਸੁਸ਼ੀਲ ਕੁਮਾਰ ਸੋਨੂੰ ਦੀ ਲਾਸ਼ ਬਰਾਮਦ ਹੋ ਗਈ। ਇਸ ਤੋਂ ਬਾਅਦ ਸੋਨੂੰ ਦੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਭੜਕ ਗਿਆ। ਪਰਿਵਾਰਕ ਮੈਂਬਰਾਂ ਅਤੇ ਹਮਾਇਤੀਆਂ ਨੇ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਨੇ ਨਿਰਪੱਖ ਕਾਰਵਾਈ ਨਾ ਹੋਣ ਦੇ ਵਿਰੋਧ ਵਿੱਚ ਥਾਣਾ ਮੁਕੇਰੀਆਂ ਦੇ ਬਾਹਰ ਧਰਨਾ ਲਗਾ ਦਿੱਤਾ ਅਤੇ ਇਨਸਾਫ਼ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਜਦੋਂ ਸੁਸ਼ੀਲ ਕੁਮਾਰ ਸੋਨੂੰ ਮਸ਼ੀਨਾਂ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਰੋਕਣ ਗਿਆ ਤਾਂ ਉਸ ਨੂੰ ਧੱਕਾ ਮਾਰ ਕੇ ਡੂੰਘੀ ਥਾਂ ਉਤੇ ਸੁੱਟ ਦਿੱਤਾ ਗਿਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਉਨ੍ਹਾਂ ਨੇ ਦੋਸ਼ ਲਗਾਏ ਕਿ ਪੁਲਿਸ ਕਤਲ ਦਾ ਪਰਚਾ ਨਾ ਕਰ ਕੇ ਹਾਦਸੇ ਦਾ ਮਾਮਲਾ ਦਰਜ ਕਰ ਰਹੀ ਹੈ। ਇਸ ਕਾਰਨ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਲਈ ਥਾਣਾ ਘੇਰਿਆ ਹੈ। ਜਦੋਂ ਤੱਕ ਕਤਲ ਦਾ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਪੁੱਜ ਗਏ ਅਤੇ ਨਾਜਾਇਜ਼ ਮਾਈਨਿੰਗ ਉਤੇ ਸ਼ਿਕੰਜਾ ਕੱਸਣ ਦੀ ਅਪੀਲ ਕੀਤੀ ਤਾਂ ਕਿ ਅੱਗੇ ਤੋਂ ਕਿਸੇ ਦੀ ਜਾਨ ਨਾ ਜਾਵੇ। ਇਹ ਵੀ ਪੜ੍ਹੋ : ਹੋਲਿਕਾ ਦਹਿਨ ਮੌਕੇ ਸਟੰਟ ਕਰਦੇ ਨੌਜਵਾਨ ਦੀ ਗਈ ਜਾਨ