ਜੇਲ੍ਹ 'ਚ ਕੁੱਟਮਾਰ ਦਾ ਬਦਲਾ ਲੈਣ ਲਈ ਮੰਨੂੰ ਕੁੱਸਾ ਨੇ ਹਰਜੀਤ ਪੈਂਟਾ ਦਾ ਕੀਤਾ ਸੀ ਕਤਲ
ਮੋਗਾ : ਪਿਛਲੀ ਦਿਨੀਂ ਥਾਣਾ ਬਾਘਾਪੁਰਾਣਾ ਦੇ ਪਿੰਡ ਮਾੜੀ ਮੁਸਤਫਾ ਵਿਖੇ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਜਿਸ ਵਿੱਚ ਹਰਜੀਤ ਸਿੰਘ ਉਰਫ ਪੈਂਟਾ ਪੁੱਤਰ ਸਵਰਨ ਸਿੰਘ ਵਾਸੀ ਮਾੜੀ ਮੁਸਤਫਾ ਥਾਣਾ ਬਾਘਾਪੁਰਾਣਾ ਦੀ ਮੌਤ ਹੋ ਗਈ ਸੀ ਤੇ ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਮਾੜੀ ਮੁਸਤਫਾ ਜ਼ਖ਼ਮੀ ਹੋ ਗਿਆ ਸੀ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਦੋ ਅਣਪਛਾਤੇ ਨੌਜਵਾਨਾਂ ਨੇ ਮੋਟਰਸਾਈਕਲ ਉਤੇ ਸਵਾਰ ਹੋ ਕੇ ਮੂੰਹ ਢੱਕ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਚਮਕੌਰ ਸਿੰਘ ਉਰਫ ਬੇਅੰਤ ਸਿੰਘ ਵਾਸੀ ਮਾੜੀ ਮੁਸਤਫਾ ਖਿਲਾਫ਼ ਦਰਜ ਥਾਣਾ ਬਾਘਾਪੁਰਾਣਾ ਵਿਖੇ ਮਾਮਲਾ ਦਰਜ ਕੀਤਾ ਸੀ। ਅੱਜ ਆਈਜੀ ਫਰੀਦਕੋਟ ਰੇਂਜ ਪੀਕੇ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਐਸ.ਐਸ.ਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੂੰ ਜਾਂਚ ਲਈ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ। ਐਸਐਸਪੀ ਮੋਗਾ ਦੀ ਦੇਖ-ਰੇਖ ਹੇਠ ਮੁਲਜ਼ਮਾਂ ਨੂੰ ਟਰੇਸ ਕਰਨ ਤੇ ਗ੍ਰਿਫਤਾਰ ਕਰਨ ਲਈ ਥਾਣਿਆਂ, ਸੀਆਈਏ ਸਟਾਫ, ਟੈਕਨੀਕਲ ਸੈੱਲ ਅਤੇ ਸਾਈਬਰ ਸੈੱਲ ਮੋਗਾ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਪੁਲਿਸ ਟੀਮਾਂ ਨੂੰ ਸੀਸੀਟੀਵੀ ਫੁਟੇਜ ਦੀ ਪੜਤਾਲ ਕਰਦੇ ਹੋਏ ਕਤਲ ਕਾਂਡ ਦੇ ਮੁਲਜ਼ਮਾਂ ਬਾਰੇ ਇੱਕ ਭਰੋਸੇਯੋਗ ਵਸੀਲਿਆ ਰਾਹੀਂ ਇਤਲਾਹ ਮਿਲੀ। ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਵੱਲੋਂ ਜੈ ਸਿੰਘ ਵਾਲਾ ਤੋਂ ਚੋਟੀਆਂ ਤੋਬੇ ਰੋਡ 'ਤੇ ਛਾਪੇਮਾਰੀ ਕੀਤੀ ਗਈ ਅਤੇ ਇੱਕ ਪਰਬਤ ਸਿੰਘ ਵਾਸੀ ਪਿੰਡ ਕੁੱਸਾ ਨੂੰ ਇਕ 12 ਬੋਰ ਦੇਸੀ ਪਿਸਤੌਲ, ਦੋ ਕਾਰਤੂਸ ਤੇ ਮੋਟਰਸਾਇਕਲ ਸਮੇਤ ਕਾਬੂ ਕੀਤਾ ਗਿਆ। ਪਤਾ ਲੱਗਾ ਹੈ ਕਿ ਇਹ ਉਹੀ ਮੋਟਰਸਾਇਕਲ ਸੀ ਜਿਸ ਉਪਰ ਹਮਲਾਵਰ ਆਏ ਸਨ ਤੇ ਹਰਜੀਤ ਸਿੰਘ ਉਰਫ ਪੈਂਟਾ ਨੂੰ ਗੋਲ਼ੀ ਮਾਰੀ ਸੀ। ਆਈਜੀ ਨੇ ਮੀਡੀਆ ਨੂੰ ਦੱਸਿਆ ਕਿ ਪੁੱਛਗਿੱਛ ਕਰਨ 'ਤੇ ਪਰਬਤ ਸਿੰਘ ਨੇ ਖ਼ੁਲਾਸਾ ਕੀਤਾ ਕਿ ਮਨਪ੍ਰੀਤ ਸਿੰਘ ਮੰਨੂੰ ਵਾਸੀ ਪਿੰਡ ਕੁੱਸਾ ਨੇ ਹਰਜੀਤ ਸਿੰਘ ਉਰਫ ਪੈਂਟਾ ਉਪਰ ਫਾਇਰਿੰਗ ਕੀਤੀ ਸੀ ਜਦਕਿ ਪ੍ਰੇਮ ਵਾਸੀ ਚੋਲਾ ਸਾਹਿਬ ਮੋਟਰਸਾਈਕਲ ਚਲਾ ਰਿਹਾ ਸੀ। ਪਰਬਤ ਸਿੰਘ ਨੇ ਮੰਨਿਆ ਕਿ 31 ਅਪ੍ਰੈਲ ਨੂੰ ਮੰਨੂੰ ਨੇ ਉਸ ਨੂੰ ਹਰਜੀਤ ਸਿੰਘ ਪੈਂਟਾ ਦਾ ਘਰ ਦਿਖਾਇਆ ਸੀ ਤੇ ਵਾਪਸ ਅੰਮ੍ਰਿਤਸਰ ਵਾਲੇ ਪਾਸੇ ਚਲਾ ਗਿਆ। ਮਿਤੀ 01.04.2022 ਨੂੰ ਮੰਨੂੰ ਵੱਲੋਂ ਦੱਸੀ ਜਗ੍ਹਾ ਬੁੱਘੀਪੁਰਾ ਚੌਕ ਨੇੜਿਓਂ 30 ਬੋਰ ਦਾ ਪਿਸਤੌਲ ਲਿਆਇਆ ਸੀ, ਜੋ ਵਾਰਦਾਤ ਵਾਲੇ ਦਿਨ ਮੰਨੂੰ ਨੂੰ ਦਿੱਤਾ ਸੀ। ਆਈਜੀ ਨੇ ਦੱਸਿਆ ਕਿ ਚਮਕੌਰ ਸਿੰਘ ਉਰਫ ਬੇਅੰਤ ਸਿੰਘ ਵਾਸੀ ਪਿੰਡ ਮਾੜੀ ਮੁਸਤਫਾ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉਤੇ ਲਿਆਂਦਾ ਗਿਆ ਸੀ। ਬੇਅੰਤ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੂੰ ਫਿਰੋਜ਼ਪੁਰ ਜੇਲ੍ਹ ਦੇ ਕੈਦੀਆਂ ਤੋਂ ਪਤਾ ਲੱਗਾ ਸੀ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੁੱਪ ਨੇ ਆਪਣੇ ਸ਼ੂਟਰ ਮਨਪ੍ਰੀਤ ਉਰਫ ਮੰਨੂੰ ਵਾਸੀ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਤੇ ਪ੍ਰੇਮ ਵਾਸੀ ਤਰਨਤਾਰਨ ਨੂੰ ਹਰਜੀਤ ਪੈਂਟਾਂ ਨੂੰ ਮਾਰਨ ਲਈ ਭੇਜਿਆ ਸੀ। ਹਰਜੀਤ ਸਿੰਘ ਪੈਂਟਾ ਦਾ ਸਬੰਧ ਦਵਿੰਦਰ ਬੰਬੀਹਾ ਗੈਂਗ ਨਾਲ ਸੀ। ਮੁਕੱਦਮਾ ਨੰਬਰ 47/22 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਬਾਘਾਪੁਰਾਣਾ ਵਿੱਚ ਧਰਮਿੰਦਰ ਸਿੰਘ ਉਰਫ ਬਾਜੀ ਵਾਸੀ ਦੁਸਾਂਝ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਿਆ ਕੇ ਕੀਤੀ ਗਈ ਪੁੱਛਗਿਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਮਨਪ੍ਰੀਤ ਮੰਨੂੰ ਦੀ ਹਰਜੀਤ ਪੈਂਟਾ ਨਾਲ ਵੀ ਨਿੱਜੀ ਦੁਸ਼ਮਣੀ ਸੀ ਕਿਉਂਕਿ ਪੈਂਟਾ ਨੇ ਸਾਲ 2017 ਵਿਚ ਮੰਨੂ ਨੂੰ ਫਰੀਦਕੋਟ ਜੇਲ੍ਹ ਵਿੱਚ ਬੰਦ ਹੋਣ ਸਮੇਂ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ। ਇਹ ਲੜਾਈ ਬੰਬੀਹਾ ਗਰੁੱਪ ਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਵਿਚਕਾਰ ਗਿਰੋਹ ਦੀ ਦੁਸ਼ਮਣੀ ਦਾ ਨਤੀਜਾ ਸੀ। ਬੰਬੀਹਾ ਗਰੁੱਪ ਵਾਲੇ ਪਾਸੇ ਤੋਂ ਧਰਮਿੰਦਰ ਬਾਜ਼ੀ ਵੀ ਇਸ ਗੈਂਗਵਾਰ ਦਾ ਹਿੱਸਾ ਸੀ। ਬਾਅਦ ਵਿੱਚ ਇਸ ਵਿੱਚ ਸ਼ਾਮਲ ਕੈਦੀਆਂ ਨੂੰ ਪੰਜਾਬ ਦੀਆਂ ਹੋਰ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ। ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਜ਼ਿੰਮਵਾਰੀ ਲੈਣ ਲਈ ਬਣਾਏ ਗਏ ਪੇਜ਼ ਦੀ ਪੜਤਾਲ ਕਰਨ ਲਈ ਮੋਗਾ ਪੁਲਿਸ ਦੀ ਟੀਮ ਦਿੱਲੀ ਗਈ ਸੀ। ਫੇਸਬੁੱਕ ਆਈ.ਡੀ, ਜੋ ਹੁਣ 'ਗੋਲਡੀ ਬਰਾੜ' ਦੇ ਨਾਮ ਨਾਲ ਜੁੜੀ ਹੋਈ ਹੈ, ਨੂੰ ਰੂਪਾਂਜਲੀ ਪੁੱਤਰੀ ਅਸ਼ੋਕ ਕੁਮਾਰ ਵਾਸੀ ਨੰਗਲਈ ਦਿੱਲੀ ਦੇ ਫੋਨ ਨੰਬਰ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ। ਰੂਪਾਂਜਲੀ ਨੇ ਖੁਲਾਸਾ ਕੀਤਾ ਕਿ ਉਹ ਫੇਸਬੁੱਕ ਰਾਹੀਂ ਲਾਰੈਂਸ ਬਿਸ਼ਨੋਈ ਦਾ ਭਰਾ ਹੋਣ ਦਾ ਦਾਅਵਾ ਕਰਨ ਵਾਲੇ ਅਨਮੋਲ ਬਿਸ਼ਨੋਈ ਦੇ ਸੰਪਰਕ ਵਿੱਚ ਆਈ ਸੀ। ਇਸ ਮਾਮਲੇ ਵਿੱਚ ਰੂਪਾਂਜਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਕੇਸ ਵਿੱਚ ਮਨਪ੍ਰੀਤ ਉਰਫ ਮੰਨੂੰ ਵਾਸੀ ਕੁੱਸਾ ਅਤੇ ਪ੍ਰੇਮ ਵਾਸੀ ਤਰਨਤਾਰਨ ਨੂੰ ਨਾਮਜ਼ਦ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਮੰਨੂੰ ਖਿਲਾਫ ਪਹਿਲਾਂ ਹੀ ਕਰੀਬ 6 ਕੇਸ ਦਰਜ ਹਨ, ਜਿਨ੍ਹਾਂ ਵਿਚ ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਸ਼ਾਮਲ ਹਨ। ਜਿਨ੍ਹਾਂ ਨੂੰ ਦੋ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਪਰਬਤ ਸਿੰਘ ਖਿਲਾਫ ਵੀ 2 ਮੁਕੱਦਮੇ ਦਰਜ ਹਨ। ਇਹ ਵੀ ਪੜ੍ਹੋ : ਮੋਹਾਲੀ ਦੇ ਨਿੱਜੀ ਸਕੂਲ 'ਚ ਕੋਰੋਨਾ ਦਾ ਬਲਾਸਟ, 21 ਵਿਦਿਆਰਥੀਆਂ ਦੀ ਰਿਪੋਰਟ ਆਈ ਪੌਜ਼ੀਟਿਵ