ਪਾਕਿਸਤਾਨ ਨਾਲ ਵਪਾਰ ਬਾਰੇ ਨਵਜੋਤ ਸਿੰਘ ਸਿੱਧੂ ਦੇ ਬਿਆਨ 'ਤੇ ਮਨੀਸ਼ ਤਿਵਾੜੀ ਨੇ ਆਖੀ ਇਹ ਗੱਲ
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਨਾਲ ਵਪਾਰ ਸ਼ੁਰੂ ਕਰਨ ਅਤੇ ਅਟਾਰੀ-ਵਾਹਗਾ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਸੀ, ਜਿਸ ਦਾ ਕਾਂਗਰਸ 'ਚ ਹੀ ਵਿਰੋਧ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਨਾਲ ਵਪਾਰ ਬਾਰੇ ਨਵਜੋਤ ਸਿੰਘ ਸਿੱਧੂ ਦੇ ਬਿਆਨ 'ਤੇ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਕਿਸਤਾਨ ਭਾਰਤ ਵਿਚ ਅੱਤਵਾਦੀਆਂ ਨੂੰ ਭੇਜਣਾ ਅਤੇ ਡਰੋਨਾਂ ਰਾਹੀਂ ਸਾਡੇ ਖੇਤਰਾਂ ਵਿਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਛੱਡਣਾ ਬੰਦ ਨਹੀਂ ਕਰਦਾ, ਉਦੋਂ ਤੱਕ ਪਾਕਿਸਤਾਨ ਨਾਲ ਵਪਾਰ ਨਾਲ ਸੰਬੰਧਿਤ ਕੋਈ ਵੀ ਗੱਲਬਾਤ ਕਰਨਾ ਬੇਕਾਰ ਅਤੇ ਵਿਅਰਥ ਹੈ। ਗੌਰਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਆਯੋਜਿਤ ਪਾਈਟੈਕਸ ਮੇਲੇ 'ਚ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਪਾਕਿਸਤਾਨ ਅਤੇ ਭਾਰਤ ਵਿਚਾਲੇ ਸਰਹੱਦ ਖੋਲ੍ਹਣ ਦੀ ਗੱਲ ਕੀਤੀ। ਸਿੱਧੂ ਨੇ ਕਿਹਾ ਕਿ ਜੇਕਰ ਸਰਹੱਦਾਂ ਖੁੱਲ੍ਹ ਜਾਂਦੀਆਂ ਹਨ ਤਾਂ ਦੋਵਾਂ ਦੇਸ਼ਾਂ ਵਿੱਚ ਵਪਾਰ ਸ਼ੁਰੂ ਹੋਵੇਗਾ ਅਤੇ ਪੰਜਾਬ ਤਰੱਕੀ ਕਰੇਗਾ। ਪਾਕਿਸਤਾਨ ਨਾਲ ਲੱਗਦੀ ਸਰਹੱਦ ਖੁੱਲ੍ਹਣ ਨਾਲ 34 ਦੇਸ਼ਾਂ ਨਾਲ ਵਪਾਰ ਸ਼ੁਰੂ ਹੋ ਜਾਵੇਗਾ ਅਤੇ ਪੰਜਾਬ ਕਈ ਸਾਲਾਂ ਦੀ ਤਰੱਕੀ 6 ਮਹੀਨਿਆਂ ਵਿੱਚ ਕਰੇਗਾ। -PTC News