ਹਰੀਸ਼ ਰਾਵਤ ਦੇ ਪ੍ਰੋਗਰਾਮ 'ਚ ਚਾਕੂ ਲੈ ਕੇ ਸਟੇਜ 'ਤੇ ਚੜ੍ਹਿਆ ਵਿਅਕਤੀ, ਫਿਰ ਕੀਤਾ ਇਹ...
Punjab election 2022 : ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਦੌਰਾਨ ਸਿਆਸੀ ਪਾਰਟੀਆਂ ਦੇ ਪ੍ਰੋਗਰਾਮ ਜਾਰੀ ਹਨ। ਕਾਂਗਰਸ ਵੱਲੋਂ ਹਰੀਸ਼ ਰਾਵਤ ਅੱਗੇ ਚੱਲ ਰਹੇ ਹਨ। ਸਾਬਕਾ ਸੀਐਮ ਹਰੀਸ਼ ਰਾਵਤ ਅਤੇ ਉਨ੍ਹਾਂ ਦੀਆਂ ਰੈਲੀਆਂ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਹਨ। ਉੱਤਰਾਖੰਡ ਦੇ ਕਾਸ਼ੀਪੁਰ 'ਚ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਊਧਮ ਸਿੰਘ ਨਗਰ ਦੇ ਕਾਸ਼ੀਪੁਰ 'ਚ ਹਰੀਸ਼ ਰਾਵਤ ਦੀ ਜਨ ਸਭਾ 'ਚ ਇੱਕ ਵਿਅਕਤੀ ਚਾਕੂ ਲੈ ਕੇ ਪਹੁੰਚ ਗਿਆ।
ਇਸ ਕਾਰਨ ਮੰਚ 'ਤੇ ਅਫਰਾ-ਤਫਰੀ ਮਚ ਗਈ ਤੇ ਸਾਰੇ ਮੌਜੂਦ ਲੋਕ ਘਬਰਾ ਗਏ। ਕਾਂਗਰਸ ਦੇ ਵਰਕਰਾਂ ਨੇ ਉਸ ਨੂੰ ਫੜ ਲਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਅਣਹੋਣੀ ਦੀ ਖਬਰ ਨਹੀਂ ਹੈ। ਊਧਮ ਸਿੰਘ ਨਗਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਦਿਲੀਪ ਸਿੰਘ ਕੁੰਵਰ ਨੇ ਕਿਹਾ ਕਿ ਸਾਬਕਾ ਸੀਐਮ ਹਰੀਸ਼ ਰਾਵਤ ਨੇ ਇੱਕ ਸਮਾਗਮ 'ਚ ਕਥਿਤ ਤੌਰ 'ਤੇ ਚਾਕੂ ਲਹਿਰਾਉਣ ਦੇ ਇਲਜ਼ਾਮਾਂ 'ਚ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਜਦ ਉਹ ਚਾਕੂ ਲੈ ਕੇ ਸਟੇਜ 'ਤੇ ਚੜ੍ਹਿਆ ਤਾਂ ਉਸ ਸਮੇਂ ਵੱਡੇ ਆਗੂ ਮੰਚ 'ਤੇ ਨਹੀਂ ਸੀ। ਇਹ ਵਿਅਕਤੀ ਲੋਕਾਂ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲਈ ਕਹਿ ਰਿਹਾ ਸੀ। ਨਾਅਰੇ ਨਾ ਲਾਉਣ 'ਤੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਵਿਅਕਤੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਯੂਥ ਕਾਂਗਰਸ ਦੇ ਕਾਸ਼ੀਪੁਰ ਵਿਧਾਨ ਸਭਾ ਸਪੀਕਰ ਪ੍ਰਭਾਤ ਸਾਹਨੀ ਨੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਹੈ। ਜੇਕਰ ਕਾਂਗਰਸ ਦੇ ਕਿਸੇ ਵੀ ਆਗੂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ।
-PTC News