ਲਾਰੈਂਸ ਬਿਸ਼ਨੋਈ ਗਿਰੋਹ ਦੇ ਗੁਰਗੇ ਦਾ ਜਾਅਲੀ ਪਾਸਪੋਰਟ ਬਣਾਉਣ ਲਈ ਗੁਰੂਗ੍ਰਾਮ ਤੋਂ ਵਿਅਕਤੀ ਗ੍ਰਿਫਤਾਰ
ਨਵੀਂ ਦਿੱਲੀ, 30 ਜੁਲਾਈ: ਸਪੈਸ਼ਲ ਟਾਸਕ ਫੋਰਸ ਨੇ ਗੁਰੂਗ੍ਰਾਮ ਤੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਲਈ ਜਾਅਲੀ ਦਸਤਾਵੇਜ਼ਾਂ ਨਾਲ ਜਾਅਲੀ ਪਾਸਪੋਰਟ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਗੈਂਗ ਦੇ ਮੈਂਬਰਾਂ ਨੂੰ ਮਿਲਣ ਜਾ ਰਿਹਾ ਸੀ। ਇਸ ਸਬੰਧੀ ਡੀਐਲਐਫ ਫੇਜ਼-1 ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਨੇਪਾਲ ਵਾਸੀ ਰਾਜੂ ਨੇਪਾਲੀ ਵਜੋਂ ਹੋਈ ਹੈ, ਜੋ ਪਿਛਲੇ ਕੁਝ ਸਮੇਂ ਤੋਂ ਡੀਐਲਐਫ ਫੇਜ਼-1 ਇਲਾਕੇ ਵਿੱਚ ਰਹਿ ਰਿਹਾ ਸੀ। ਐਸਟੀਐਫ ਨੇ ਉਸ ਨੂੰ ਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਉਹ ਦਿੱਲੀ ਦੇ ਇੱਕ ਸਾਥੀ ਨਾਲ ਮਿਲ ਕੇ ਪਾਸਪੋਰਟਾਂ ਲਈ ਜਾਅਲੀ ਦਸਤਾਵੇਜ਼ ਤਿਆਰ ਕਰਦਾ ਸੀ। ਨੇਪਾਲੀ ਵਿਰੁੱਧ ਧਾਰਾ 419, 420, 467, 468, 471, 120 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਫੜੇ ਗਏ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਕਰੀਬ 10 ਅਪਰਾਧੀਆਂ ਨੂੰ ਜਾਅਲੀ ਪਾਸਪੋਰਟ ਪ੍ਰਦਾਨ ਕਰ ਚੁੱਕਾ ਹੈ ਜੋ ਅਪਰਾਧ ਕਰਨ ਤੋਂ ਬਾਅਦ ਭਾਰਤ ਤੋਂ ਭੱਜ ਗਏ ਸਨ। ਹਾਸਿਲ ਜਾਣਕਾਰੀ ਮੁਤਾਬਕ ਭੱਜੇ ਹੋਏ ਅਪਰਾਧੀ ਇਸ ਸਮੇਂ ਦੁਬਈ, ਕੈਨੇਡਾ ਅਤੇ ਥਾਈਲੈਂਡ ਵਿੱਚ ਰਹਿ ਰਹੇ ਹਨ ਜਿੱਥੋਂ ਉਹ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਹਨ। ਐਸਟੀਐਫ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਇਨ੍ਹਾਂ ਪਾਸਪੋਰਟਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। -PTC News