ਆਜ਼ਾਦੀ ਦਿਹਾੜੇ ਤੋਂ ਪੁਲਿਸ ਦੀ ਵੱਡੀ ਕਾਰਵਾਈ, ਤਰਨਤਾਰਨ ਤੋਂ ਗੋਲਾ-ਬਾਰੂਦ ਸਮੇਤ 2 ਅੱਤਵਾਦੀ ਗ੍ਰਿਫ਼ਤਾਰ
ਤਰਨਤਾਰਨ: ਪੰਜਾਬ ਪੁਲਿਸ ਨੇ 15 ਅਗਸਤ ਤੋਂ ਪਹਿਲਾ ਇਕ ਵੱਡੀ ਕਾਰਵਾਈ ਕੀਤੀ। ਤਰਨਤਾਰਨ ਦੇ ਥਾਣਾ ਵੈਰੋਵਾਲ ਇਲਾਕੇ ਤੋਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਮੁਲਜ਼ਮਾਂ ਦੀ ਪਛਾਣ ਗੈਂਗਸਟਰ ਹੈਰੀ ਚੱਠਾ ਅਤੇ ਸੁੱਖ ਬਿਖਾਰੀਵਾਲ ਦੇ ਕਰੀਬੀ ਗੁਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ। ਹੈਂਡ ਗਰਨੇਡ ਤੋਂ ਇਲਾਵਾ ਪੁਲਿਸ ਨੇ ਦੋਵਾਂ ਕੋਲੋਂ 635 ਗ੍ਰਾਮ ਹੈਰੋਇਨ, 2 ਲੋਡਡ ਪਿਸਤੌਲ, 2 ਮੈਗਜ਼ੀਨ, 13 ਜਿੰਦਾ ਕਾਰਤੂਸ, 100 ਗ੍ਰਾਮ ਅਫੀਮ, 1 ਲਾਂਸਰ ਕਾਰ ਅਤੇ 3.95 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਮੁਲਜ਼ਮ ਪਾਕਿਸਤਾਨ ਤੋਂ ਹੈਰੋਇਨ, ਹਥਿਆਰ ਅਤੇ ਵਿਸਫੋਟਕ ਸਮੱਗਰੀ ਲਿਆਉਂਦੇ ਸਨ। ਜ਼ਿਕਰਯੋਗ ਹੈ ਕਿ ਗੁਰਵਿੰਦਰ ਸਿੰਘ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਵਿੱਚ ਵੀ ਭਗੌੜਾ ਦੱਸਿਆ ਜਾ ਰਿਹਾ ਹੈ। ਇਸ ਬਾਰੇ ਆਈਜੀਪੀ ਨੇ ਦੱਸਿਆ ਕਿ ਗੁਰਵਿੰਦਰ ਬਾਬਾ ਦੇ ਖੁਲਾਸੇ ਤੋਂ ਬਾਅਦ ਪੁਲਿਸ ਨੇ ਜ਼ਿਲ੍ਹਾ ਬਟਾਲਾ ਦੇ ਖੇਤਰ ਵਿੱਚ ਸਥਿਤ ਟਿਕਾਣੇ ਤੋਂ ਇੱਕ ਹੈਂਡ ਗ੍ਰਨੇਡ, ਇੱਕ ਆਰਡੀਐਕਸ-ਆਈਈਡੀ ਅਤੇ 33 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਜਾਂਚ ਵਿੱਚ ਇਕ ਪ੍ਰਮੁੱਖ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਕੋਲੋਂ ਵਿਸਫੋਟਕ, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਪਾਕਿਸਤਾਨ ਤੋਂ ਡਰੋਨ ਰਾਹੀਂ ਤਸਕਰੀ ਕੀਤੀ ਗਈ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਤਰਨਤਾਰਨ ਦੇ ਕਾਮਰੇਡ ਬਲਵਿੰਦਰ ਸਿੰਘ ਸੰਧੂ ਕਤਲ ਕੇਸ ਵਿੱਚ ਵੀ ਮੁਲਜ਼ਮ ਹੈ। ਫਿਲਹਾਲ ਕਾਮਰੇਡ ਬਲਵਿੰਦਰ ਸਿੰਘ ਸੰਧੂ ਮਾਮਲੇ ਦੀ NIA ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਰਵਿੰਦਰ ਸਿੰਘ ਨੂੰ NIA ਦੇ ਵੱਲੋਂ ਪੀ.ਓ.ਕਰਾਰ ਦਿੱਤਾ ਜਾ ਚੁੱਕਾ ਹੈ। ਇਹ ਵੀ ਪੜ੍ਹੋ:ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਭਾਜਪਾ ਨਾਲੋਂ ਤੋੜਿਆ ਗੱਠਜੋੜ -PTC News