Gangster Tinu's escape Case : ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਆਰੋਪੀ ਦੀਪਕ ਟੀਨੂੰ ਫਰਾਰੀ ਮਾਮਲੇ 'ਚ ਅੱਜ ਮਾਨਸਾ ਦੀ ਅਦਾਲਤ ਨੇ ਦੀਪਕ ਟੀਨੂੰ ਨੂੰ 2 ਸਾਲ ਦੀ ਸਜ਼ਾ ਅਤੇ ਮਾਨਸਾ ਸੀਆਈਏ ਸਟਾਫ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਨੂੰ 1 ਸਾਲ 11 ਮਹੀਨੇ ਦੀ ਸਜ਼ਾ ਸੁਣਾਈ ਹੈ ,ਜਦੋਂ ਕਿ ਇਸ ਮਾਮਲੇ ਦੇ ਬਾਕੀ 8 ਆਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਨੂੰ 5000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਨੇ 2 ਅਕਤੂਬਰ 2022 ਨੂੰ ਦੀਪਕ ਟੀਨੂੰ ਦੀ ਗਰਲਫ੍ਰੈਂਡ ਜਤਿੰਦਰ ਕੌਰ ,ਕੁਲਦੀਪ ਸਿੰਘ, ਰਾਜਵੀਰ ਸਿੰਘ, ਰਜਿੰਦਰ ਬਿੱਟੂ, ਚਿਰਾਗ, ਸੁਨੀਲ ਕੁਮਾਰ, ਸਰਬਜੋਤ ਸਿੰਘ ਅਤੇ ਤਤਕਾਲੀ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਜਿਸ 'ਤੇ ਅੱਜ ਮਾਨਸਾ ਦੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਦੀਪਕ ਟੀਨੂੰ ਅਤੇ ਪ੍ਰਿਤਪਾਲ ਸਿੰਘ ਨੂੰ ਸਜ਼ਾ ਸੁਣਾਈ ਹੈ। ਬਾਕੀ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਹੈ।ਦੱਸ ਦੇਈਏ ਕਿ ਦੀਪਕ ਟੀਨੂੰ ਸਿੱਧੂ ਮੂਸੇਵਾਲ ਕਤਲ ਦੇ ਸਬੰਧ ਵਿੱਚ ਮਾਨਸਾ ਪੁਲਿਸ ਦੀ ਹਿਰਾਸਤ ਵਿੱਚ ਸੀ ਅਤੇ 2 ਅਕਤੂਬਰ ਨੂੰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਦੀਪਕ ਟੀਨੂੰ ਜਿਸ ਸਮੇਂ ਫ਼ਰਾਰ ਹੋਇਆ ,ਉਸ ਵਕਤ ਪ੍ਰਿਤਪਾਲ ਸਿੰਘ ਹੀ ਉਸ ਦੇ ਨਾਲ ਸੀ। ਪ੍ਰਿਤਪਾਲ ਸਿੰਘ ਦੀਪਕ ਟੀਨੂੰ ਨੂੰ ਲੈ ਕੇ ਨਿੱਜੀ ਗੱਡੀ ਵਿੱਚ ਆਪਣੇ ਸਰਕਾਰੀ ਘਰ ਪਹੁੰਚਿਆ ਸੀ, ਜਿੱਥੇ ਪਹਿਲਾਂ ਹੀ ਉਸ ਦੀ ਗਰਲਫ੍ਰੈਂਡ ਮੌਜੂਦ ਸੀ। ਉਥੋਂ ਟੀਨੂੰ ਅਤੇ ਉਸ ਦੀ ਗਰਲਫ੍ਰੈਂਡ ਫਰਾਰ ਹੋ ਗਏ ਸਨ।