ਸੁਮੰਦਰੀ ਤੱਟ 'ਤੇ ਲਾਵਾਰਸ ਕਿਸ਼ਤੀ 'ਚੋਂ 3 ਏਕੇ-47 ਰਾਈਫਲਾਂ ਤੇ ਗੋਲ਼ੀਆਂ ਬਰਾਮਦ, ਜਾਂਚ ਸ਼ੁਰੂ
ਮੁੰਬਈ : ਮਹਾਰਾਸ਼ਟਰ ਦੇ ਰਾਏਗੜ੍ਹ ਤੱਟ ਉਪਰੋਂ ਅੱਜ ਕਿਸ਼ਤੀ ਵਿੱਚ ਤਿੰਨ ਏਕੇ-47 ਰਾਈਫਲਾਂ ਤੇ ਗੋਲ਼ੀਆਂ ਬਰਾਮਦ ਹੋਈਆਂ ਹਨ। ਇਸ ਕਾਰਨ ਇਲ਼ਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁੰਬਈ ਤੋਂ 190 ਕਿਲੋਮੀਟਰ ਤੋਂ ਵੱਧ ਦੂਰ ਸਥਿਤ ਸ੍ਰੀਵਰਧਨ ਖੇਤਰ 'ਚ ਕੁਝ ਸਥਾਨਕ ਲੋਕਾਂ ਦੀ ਕਿਸ਼ਤੀ ਉਤੇ ਨਜ਼ਰ ਪਈ ਜਿਸ ਵਿੱਚ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਤੇ ਉਨ੍ਹਾਂ ਨੇ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ। ਰਾਏਗੜ੍ਹ ਦੇ ਐੱਸਪੀ ਅਸ਼ੋਕ ਦੁਧੇ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਿਸ਼ਤੀ ਦੀ ਤਲਾਸ਼ੀ ਲਈ। ਰਾਏਗੜ੍ਹ ਸਥਾਨਕ ਅਪਰਾਧ ਸ਼ਾਖਾ ਦੇ ਪੁਲਿਸ ਇੰਸਪੈਕਟਰ ਦਯਾਨੰਦ ਗਵਾੜੇ ਨੇ ਦੱਸਿਆ ਕਿ ਕਿਸ਼ਤੀ ਨੂੰ ਕੁਝ ਸਥਾਨਕ ਮਛੇਰਿਆਂ ਨੇ ਸਵੇਰੇ 8 ਵਜੇ ਦੇ ਕਰੀਬ ਦੇਖਿਆ। ਉਨ੍ਹਾਂ ਨੂੰ ਕੁਝ ਗੜਬੜ ਹੋਣ ਦਾ ਸ਼ੱਕ ਹੈ ਕਿਉਂਕਿ ਮਾਨਸੂਨ ਕਾਰਨ ਮੱਛੀਆਂ ਫੜਨ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਨਹੀਂ ਹੋਈਆਂ ਹਨ। ਮਛੇਰਿਆਂ ਨੇ ਸ਼੍ਰੀਵਰਧਨ ਪੁਲਿਸ ਸਟੇਸ਼ਨ ਨੂੰ ਸੂਚਿਤ ਕਰ ਦਿੱਤਾ। ਇਹ ਵੀ ਪੜ੍ਹੋ : ਰੈਵੇਨਿਊ ਪਟਵਾਰ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ ਪੁਲਿਸ ਮੁਲਾਜ਼ਮਾਂ ਨੇ ਕਿਸ਼ਤੀ ਦੀ ਜਾਂਚ ਕੀਤੀ ਤੇ ਕੁਝ ਦਸਤਾਵੇਜ਼ਾਂ ਦੇ ਨਾਲ ਤਿੰਨ ਏ.ਕੇ.-47 ਰਾਈਫਲਾਂ ਤੇ ਕੁਝ ਗੋਲ਼ੀਆਂ ਬਰਾਮਦ ਕੀਤੀਆਂ। ਪੁਲਿਸ ਨੇ ਕਿਸ਼ਤੀ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਇਸ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਇਸ ਸਾਲ ਜੂਨ ਵਿੱਚ ਓਮਾਨ ਦੇ ਤੱਟ ਨੇੜਿਓਂ ਬਚਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਕਿਸ਼ਤੀ ਤੈਰਦੀ ਹੋਈ ਰਾਏਗੜ੍ਹ ਤੱਟ 'ਤੇ ਆ ਗਈ। ਪੁਲਿਸ ਨੇ ਇਸ ਮਾਮਲੇ ਦੀ ਬਾਰੀਕੀ ਨਾਲ ਘੋਖ ਸ਼ੁਰੂ ਕਰ ਦਿੱਤੀ ਹੈ ਤੇ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTC News