ਲੁਧਿਆਣਾ ਬੰਬ ਧਮਾਕਾ: CIA ਖੰਨਾ ਨੇ ਇੱਕ ਹੋਰ ਵਿਅਕਤੀ ਲਿਆਂਦਾ ਪ੍ਰੋਡਕਸ਼ਨ ਵਾਰੰਟ 'ਤੇ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ
ਲੁਧਿਆਣਾ: ਲੁਧਿਆਣਾ ਬੰਬ ਧਮਾਕਾ ਮਾਮਲੇ 'ਚ ਇੱਕ ਹੋਰ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ। ਦਰਅਸਲ, ਸੀਆਈਏ ਖੰਨਾ ਨੇ ਇੱਕ ਵਿਅਕਤੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ, ਜੋ ਡਰੱਗ ਤਸਕਰ ਗੁਰਦੀਪ ਰਾਣੋ ਦੇ ਰਿਸ਼ਤੇਦਾਰੀ 'ਚ ਭਰਾ ਲੱਗਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਵਿਅਕਤੀ ਦਾ ਖੰਨਾ ਸਰਕਾਰੀ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਕੋਲੋਂ ਲੁਧਿਆਣਾ ਬੰਬ ਧਮਾਕੇ ਮਾਮਲੇ 'ਚ ਪੁੱਛਗੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਉਥੇ ਹੀ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਬੰਬ ਧਮਾਕੇ ਦਾ ਸੂਤਰਧਾਰ ਗਗਨਦੀਪ ਸਿੰਘ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਵੀ ਸਦਰ ਥਾਣਾ ਖੰਨਾ ਆਉਂਦਾ-ਜਾਂਦਾ ਸੀ ਤੇ ਉਥੇ ਮੁਲਾਜ਼ਮਾਂ ਨੂੰ ਮਿਲਦਾ ਸੀ। ਜਿਸ ਦੌਰਾਨ NIA ਦੀ ਟੀਮ ਪੁਲਿਸ ਥਾਣੇ ਦੇ ਕੈਮਰੇ ਖੰਗਾਲ ਰਹੀ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਨੂੰ ਮਿਲਣ ਵਾਲੇ ਪੁਲਿਸ ਮੁਲਾਜ਼ਮਾਂ ਕੋਲੋਂ ਪੁਛਗਿੱਛ ਕੀਤੀ ਜਾਵੇਗੀ।
ਇਥੇ ਇਹ ਵੀ ਦੱਸ ਦੇਈਏ ਕਿ ਪੁਲਿਸ ਨੇ ਲੁਧਿਆਣਾ ਜੇਲ੍ਹ 'ਚ ਬੰਦ 2 ਹਵਾਲਾਤੀਆਂ ਨੂੰ 7 ਦਿਨੀਂ ਰਿਮਾਂਡ 'ਤੇ ਲਿਆ ਹੈ। ਸੁਖਵਿੰਦਰ ਸਿੰਘ ਬੌਕਸਰ ਤੇ ਰਣਜੀਤ ਬਾਬਾ ਕੋਲੋਂ ਪੁੱਛਗਿੱਛ ਜਾਰੀ ਹੈ,ਜਿਨ੍ਹਾਂ 'ਤੇ ਐੱਨ.ਡੀ.ਪੀ.ਐੱਸ. ਸਮੇਤ ਹੋਰ ਕਈ ਮਾਮਲੇ ਦਰਜ ਹਨ।
ਹੋਰ ਪੜ੍ਹੋ: ਲੁਧਿਆਣਾ ਬੰਬ ਧਮਾਕਾ: ਪੁਲਿਸ ਨੇ ਮਹਿਲਾ ਕਾਂਸਟੇਬਲ ਨੂੰ ਲਿਆ ਹਿਰਾਸਤ 'ਚ, ਗਗਨਦੀਪ ਦੀ ਦੱਸੀ ਜਾ ਰਹੀ ਹੈ ਦੋਸਤ
ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀ. ਜੀ. ਪੀ. ਚਟੋਪਾਧਿਆਏ ਨੇ ਕਿਹਾ ਕਿ ਸਾਡੀ ਪੰਜਾਬ ਪੁਲਸ ਅਤੇ ਇੰਟੈਲੀਜੈਂਸ ਵਿੰਗ ਨੇ ਵਧੀਆ ਕੰਮ ਕੀਤਾ ਹੈ ਤੇ ਇਸ ਕੇਸ ਨੂੰ 24 ਘੰਟਿਆਂ 'ਚ ਹੀ ਸੁਲਝਾ ਲਿਆ ਗਿਆ। ਉਨ੍ਹਾਂ ਕਿਹਾ ਕਿ ਮੌਕੇ 'ਤੇ ਧਮਾਕੇ 'ਚ ਮਾਰੇ ਗਏ ਵਿਅਕਤੀ ਦੀ ਬਾਂਹ 'ਤੇ ਟੈਟੂ ਮਿਲਿਆ ਹੈ।
ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਬੰਬ ਲਗਾਉਂਦੇ ਸਮੇਂ ਗਗਨਦੀਪ ਮਾਰਿਆ ਗਿਆ ਸੀ। ਪੰਜਾਬ ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਨੇ 24 ਘੰਟਿਆਂ ਅੰਦਰ ਇਹ ਕੇਸ ਟਰੇਸ ਕੀਤਾ ਹੈ। ਡੀ. ਜੀ. ਪੀ. ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗਗਨਦੀਪ ਗੱਗੀ ਦੇ ਤੌਰ 'ਤੇ ਹੋਈ ਹੈ, ਜੋ ਕਿ ਪੰਜਾਬ ਪੁਲਸ ਦਾ ਮੁਅੱਤਲ ਮੁਲਾਜ਼ਮ ਸੀ।
-PTC News