ਲੁਧਿਆਣਾ 'ਚ ਕੋਰੋਨਾ ਪੀੜਤ ACP ਅਨਿਲ ਕੋਹਲੀ ਦੀ ਹੋਈ ਮੌਤ
ਲੁਧਿਆਣਾ 'ਚ ਕੋਰੋਨਾ ਪੀੜਤ ACP ਅਨਿਲ ਕੋਹਲੀ ਦੀ ਹੋਈ ਮੌਤ:ਲੁਧਿਆਣਾ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਲੁਧਿਆਣਾ ਵਿਚ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ ਹੋਈ ਹੈ। ਇੱਥੇ ਬੀਤੇ ਦਿਨੀਂ ਪਾਜ਼ਿਟਿਵ ਪਾਏ ਗਏ ਏ.ਸੀ.ਪੀ. ਅਨਿਲ ਕੋਹਲੀ ਦੀ ਮੌਤ ਹੋ ਗਈ ਹੈ।ਇਸ ਦੀ ਪੁਸ਼ਟੀ ਸਿਵਲ ਸਰਜਨ ਰਾਜੇਸ਼ ਬੱਗਾ ਵਲੋਂ ਕੀਤੀ ਗਈ ਹੈ। ਦਰਅਸਲ 'ਚ ਪਿਛਲੇ ਦਿਨੀਂ ਲੁਧਿਆਣਾ ਉੱਤਰੀ ਦੇ ਏ.ਸੀ.ਪੀ. ਅਨਿਲ ਕੋਹਲੀਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਕਰਕੇ ਉਹ ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਡਾਕਟਰਾਂ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਏ.ਸੀ.ਪੀ. ਦੀ ਸਿਹਤ ਕਾਫੀ ਖ਼ਰਾਬ ਚੱਲ ਰਹੀ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਇਸੇ ਦੌਰਾਨ ਏ.ਸੀ.ਪੀ. ਅਨਿਲ ਕੋਹਲੀ ਦੇ ਸੰਪਰਕ ਵਿੱਚ ਆਏ ਤਿੰਨ ਜਣਿਆਂ ਦੇ ਵੀ ਕੋਵਿਡ-19 ਦੇ ਟੈਸਟ ਕੀਤੇ ਗਏ ਸਨ। ਇਨ੍ਹਾਂ ਵਿੱਚ ਏ.ਸੀ.ਪੀ. ਦੀ ਪਤਨੀ ਪਲਕ ਕੋਹਲੀ, ਉਸ ਦਾ ਡਰਾਈਵਰ ਸਿਪਾਹੀ ਪ੍ਰਭਜੋਤ ਸਿੰਘ (ਫਿਰੋਜ਼ਪੁਰ) ਤੇ ਅਨਿਲ ਕੋਹਲੀ ਦੀ ਸਬ ਡਵੀਜ਼ਨ ਅਧੀਨ ਪੈਂਦੇ ਖੇਤਰ ਜੋਧੇਵਾਲ ਦਾ ਸਬ ਇੰਸਪੈਕਟਰ ਅਰਸ਼ਪ੍ਰੀਤ ਗਰੇਵਾਲ ਵੀ ਪਾਜ਼ੀਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਏ. ਸੀ. ਪੀ. ਦੇ ਸੰਪਰਕ ਵਿਚ ਆਉਣ ਵਾਲੇ ਕਈ ਪੁਲਸ ਮੁਲਾਜ਼ਮਾਂ ਅਤੇ ਹੋਰ ਲੋਕਾਂ ਵੀ ਨੂੰ ਵੀ ਹੋਮ ਕੁਆਰੰਟਾਈਨ ਕੀਤਾ ਜਾ ਚੁੱਕਾ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 216 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ – 57 , ਜਲੰਧਰ – 38 , ਪਠਾਨਕੋਟ – 24 , ਨਵਾਂਸ਼ਹਿਰ – 19 , ਅੰਮ੍ਰਿਤਸਰ – 11 , ਲੁਧਿਆਣਾ – 16, ਮਾਨਸਾ – 11, ਪਟਿਆਲਾ – 11 , ਹੁਸ਼ਿਆਰਪੁਰ – 7 , ਮੋਗਾ – 4 , ਫਰੀਦਕੋਟ – 3 , ਰੋਪੜ – 3, ਸੰਗਰੂਰ – 3 , ਬਰਨਾਲਾ – 2,ਫਤਿਹਗੜ੍ਹ ਸਾਹਿਬ – 2 , ਕਪੂਰਥਲਾ – 2 , ਸ੍ਰੀ ਮੁਕਤਸਰ ਸਾਹਿਬ – 1 , ਗੁਰਦਾਸਪੁਰ- 1 , ਫਿਰੋਜ਼ਪੁਰ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 16 ਮੌਤਾਂ ਹੋ ਚੁੱਕੀਆਂ ਹਨ ਅਤੇ 30 ਮਰੀਜ਼ ਠੀਕ ਹੋ ਚੁੱਕੇ ਹਨ। -PTCNews