ਦੇਸ਼ 'ਚ ਪਹਿਲੀ ਵਾਰ ਹੋਇਆ ਸੁਪਰੀਮ ਕੋਰਟ ਦੀ ਸੁਣਾਈ ਦਾ ਲਾਈਵ ਪ੍ਰਸਾਰਣ
ਨਵੀਂ ਦਿੱਲੀ, 27 ਸਤੰਬਰ: ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੰਵਿਧਾਨਕ ਬੈਂਚ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਸ਼ੁਰੂ ਕੀਤਾ। ਲਾਈਵ ਪ੍ਰਸਾਰਣ ਦੌਰਾਨ ਵਕੀਲ ਆਪੋ-ਆਪਣੀਆਂ ਦਲੀਲਾਂ ਦਿੰਦੇ ਨਜ਼ਰ ਆਏ ਅਤੇ ਜੱਜ ਵੀ ਵਿਚਕਾਰ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆਏ। ਕਾਰਵਾਈ ਨੂੰ webcast.gov.in/scindia/ 'ਤੇ ਦੇਖਿਆ ਜਾ ਸਕਦਾ ਹੈ। ਸੋਮਵਾਰ ਨੂੰ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਸਿਖਰਲੀ ਅਦਾਲਤ ਜਲਦੀ ਹੀ ਯੂਟਿਊਬ ਦੀ ਵਰਤੋਂ ਕਰਨ ਦੀ ਬਜਾਏ ਆਪਣੀ ਕਾਰਵਾਈ ਨੂੰ ਲਾਈਵ ਸਟ੍ਰੀਮ ਕਰਨ ਲਈ ਆਪਣਾ ਪਲੇਟਫਾਰਮ ਬਣਾਏਗੀ। ਸੀਜੇਆਈ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਹੋਈ ਫੁੱਲ ਕੋਰਟ ਮੀਟਿੰਗ ਵਿੱਚ 27 ਸਤੰਬਰ ਤੋਂ ਸੰਵਿਧਾਨਕ ਬੈਂਚ ਦੀਆਂ ਸਾਰੀਆਂ ਸੁਣਵਾਈਆਂ ਦੀ ਕਾਰਵਾਈ ਨੂੰ ਲਾਈਵ-ਸਟ੍ਰੀਮ ਕਰਨ ਦਾ ਫੈਸਲਾ ਕੀਤਾ ਗਿਆ ਸੀ। ਮੰਗਲਵਾਰ ਨੂੰ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਲਈ ਸੁਪਰੀਮ ਕੋਰਟ 'ਚ ਤਿੰਨ ਸੰਵਿਧਾਨਕ ਬੈਂਚ ਬੈਠੇ ਹੋਏ ਹਨ। ਇਸ ਦਰਮਿਆਨ ਚੀਫ਼ ਜਸਟਿਸ ਯੂਯੂ ਲਲਿਤ ਦੀ ਅਗਵਾਈ ਵਾਲੀ ਸੰਵਿਧਾਨਕ ਬੈਂਚ ਵੱਲੋਂ ਆਰਥਿਕ ਰਾਖਵੇਂਕਰਨ ਦੇ ਮਾਮਲੇ ਦੀ ਸੁਣਵਾਈ ਜਾਰੀ ਹਨ। ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ 'ਚ 'ਭਰੋਸਗੀ ਮਤਾ' ਲਿਆਉਣ ਦਾ ਐਲਾਨ, ਵਿਰੋਧ ਜਾਰੀ ਦੂਜੇ ਬੈਂਚ ਦੀ ਅਗਵਾਈ ਜਸਟਿਸ ਡੀਵਾਈ ਚੰਦਰਚੂੜ ਕਰ ਰਹੇ ਹਨ, ਇਹ ਬੈਂਚ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਅਧਿਕਾਰੀਆਂ ਦੇ ਤਬਾਦਲੇ ਦੇ ਅਧਿਕਾਰਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਸੁਣਵਾਈ ਕਰ ਰਹੀ ਹੈ। ਤੀਜੇ ਸੰਵਿਧਾਨਕ ਬੈਂਚ ਦੀ ਅਗਵਾਈ ਜਸਟਿਸ ਸੰਜੇ ਕਿਸ਼ਨ ਕੌਲ ਕਰ ਰਹੇ ਹਨ, ਇਹ ਬੈਂਚ ਬਾਰ ਕੌਂਸਲ ਦੇ ਨਿਯਮਾਂ ਨਾਲ ਜੁੜੇ ਮੁੱਦਿਆਂ ਦੀ ਸੁਣਵਾਈ ਕਰ ਰਹੀ ਹੈ। -PTC News