ਬੀਬੀ ਰਾਜੋਆਣਾ ਨੇ ਪੰਥ ਦੇ ਹਿਤੈਸ਼ੀ ਬਣੇ ਫਿਰਦੇ ਭੇਖੀਆਂ ਦੇ ਨਾਂਅ ਜਾਰੀ ਕੀਤਾ ਪੱਤਰ
ਸੰਗਰੂਰ, 12 ਜੂਨ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨੀ ਗਈ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਪੰਥ ਦੇ ਹਿਤੈਸ਼ੀ ਬਣੇ ਫਿਰਦੇ ਭੇਖੀਆਂ ਦੇ ਨਾਂਅ ਪੱਤਰ ਜਾਰੀ ਕੀਤਾ ਹੈ। ਆਪਣੇ ਇਸ ਪੱਤਰ ਵਿਚ ਬੀਬੀ ਰਾਜੋਆਣਾ ਨੇ ਸਪਸ਼ਟ ਕੀਤਾ ਹੈ ਕਿ 25-25, 30-30 ਸਾਲਾਂ ਤੋਂ ਜੇਲ੍ਹਾਂ ਦੀਆਂ ਕੰਧਾਂ ਪਿੱਛੇ ਕੈਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਨ੍ਹਾਂ ਭੇਖੀਆਂ ਵੱਲੋਂ ਇਹੋ ਜਿਹੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ ਜੋ ਪੰਥ ਪ੍ਰੇਮੀਆਂ ਦੇ ਦਿਲਾਂ ਅੱਤ ਚੁੱਭਵੀਂਆਂ ਸਾਬਤ ਹੁੰਦੀਆਂ ਹਨ। ਇਹ ਵੀ ਪੜ੍ਹੋ: ਕੇਜਰੀਵਾਲ 15 ਜੂਨ ਨੂੰ ਆਉਣਗੇ ਪੰਜਾਬ, CM ਮਾਨ ਨਾਲ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਦੇਣਗੇ ਹਰੀ ਝੰਡੀ ਇਨ੍ਹਾਂ ਭੇਖੀਆਂ ਨੂੰ ਲਾਹਨਤਾਂ ਪਾਉਂਦਿਆਂ ਬੀਬੀ ਰਾਜੋਆਣਾ ਨੇ ਆਪਣੇ ਪੱਤਰ ਵਿਚ ਕਰੜੇ ਸ਼ਬਦਾਂ 'ਚ ਲਿਖਿਆ, "ਪ੍ਰੋ: ਭਾਈ ਦਵਿੰਦਰਪਾਲ ਸਿੰਘ ਭੁੱਲਰ ਜੀ ਜਿੰਨਾ ਦੀ ਸਜਾ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਰਿਹਾਈ ਦੀ ਫਾਈਲ ਕੇਜਰੀਵਾਲ ਦੇ ਟੇਬਲ 'ਤੇ ਪਈ ਹੈ। ਤੁਸੀਂ ਉਨ੍ਹਾਂ ਦੀ ਰਿਹਾਈ ਲਈ ਕਦੇ ਕੋਈ ਯਤਨ ਕੀਤਾ? ਗੱਲਾਂ ਤੁਸੀਂ ਬੜੀਆਂ ਕਰਦੇ ਓ ਪਰ ਕਦੇ ਤੁਸੀਂ ਭਾਈ ਹਵਾਰਾ ਜੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਖ਼ੈਰ ਲਈ ? ਕਦੇ ਮੇਰੇ ਵੀਰ ਭਾਈ ਰਾਜੋਆਣਾ ਜੀ ਬਾਰੇ ਸੋਚਿਆ, ਜਿਹੜੇ 28 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੇ ਤੇ 15 ਸਾਲਾਂ ਤੋਂ ਜੇਲ੍ਹ ਦੀ ਫਾਂਸੀ ਦੀ ਛੋਟੀ ਜਿਹੀ ਕਾਲ ਕੋਠੜੀ ਵਿੱਚ ਬੰਦ ਨੇ। " ਬੀਬੀ ਰਾਜੋਆਣਾ ਨੇ ਕਿਹਾ ਕਿ ਉਹ ਕੋਈ ਰਾਜਨੀਤਿਕ ਚੋਣ ਨਹੀਂ ਲੜ ਰਹਿ ਸਗੋਂ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਦੇ ਲਈ ਪੰਥ ਤੋਂ ਸ਼ਕਤੀ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਥਕ ਕਹਾਉਣ ਵਾਲੇ ਲੋਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਨ ਕਿ ਬੰਦੀ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਨੇ, ਕਿਤੇ ਵਿਆਹ ਜਾਂ ਮੇਲੇ 'ਤੇ ਨਹੀਂ ਗਏ ਹੋਏ। ਜੇ ਥੋੜ੍ਹੀ ਜਿਹੀ ਸ਼ਰਮ ਹੈ ਤਾਂ ਉਨ੍ਹਾਂ ਦੇ ਦਰਦਾਂ ਨੂੰ ਕਸ਼ਟਾਂ ਨੂੰ ਮਹਿਸੂਸ ਕਰਨ। ਮਰਹੂਮ ਦੀਪ ਸਿੱਧੂ ਦੀ ਉਦਾਹਰਣ ਦਿੰਦਿਆਂ ਬੀਬੀ ਰਾਜੋਆਣਾ ਨੇ ਲਿਖਿਆ ਕਿ, "ਤੁਸੀਂ ਉਹ ਲੋਕ ਹੋ ਜੋ ਦੀਪ ਸਿੱਧੂ ਦੇ ਜਿਉਂਦੇ ਜੀਅ ਤਾਂ ਪਤਾ ਨਹੀਂ ਉਨ੍ਹਾਂ ਲਈ ਕਿਹੋ-ਕਿਹੋ ਜਿਹੇ ਸ਼ਬਦ ਵਰਤਦੇ ਸੀ ਪਰ ਅੱਜ ਉਸ ਨੂੰ ਤੁਸੀਂ ਪੰਥ ਦਾ ਵੱਡਾ ਪਾਂਧੀ ਦਸ ਰਹੇ ਹੋ।ਵਾਹਿਗੁਰੂ ਨਾਂ ਕਰੇ ਪਰ ਮੈਨੂੰ ਪਤਾ ਹੈ ਜੇ ਕਿਤੇ ਭਾਣਾ ਵਾਪਰ ਗਿਆ ਤੇ ਮੇਰਾ ਵੀਰ ਫਾਂਸੀ ਦੇ ਤਖ਼ਤੇ 'ਤੇ ਝੂਲ ਗਿਆ ਤਾਂ ਤੁਸੀਂ ਲੋਕਾਂ ਨੇ ਹੀ ਉਨ੍ਹਾਂ ਦੀ ਕੁਰਬਾਨੀ ਅਤੇ ਸ਼ਹੀਦੀ ਦੇ ਗੁਣਗਾਣ ਕਰਨੇ ਨੇ।" ਇਸ ਦੇ ਨਾਲ ਹੀ ਹਾਲ ਹੀ 'ਚ ਚੋਣ ਕਮਿਸ਼ਨ ਨੇ ਬੀਬੀ ਰਾਜੋਆਣਾ ਦੇ ਚੋਣ ਪੋਸਟਰ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਇਸ ਵਿਚ ਵਰਤੀ ਗਈ ਭਾਈ ਰਾਜੋਆਣਾ ਦੀ ਤਸਵੀਰ ਨਾਲ ਕੀਤੇ ਅਸ਼ਾਂਤੀ ਨਾ ਫੈਲ ਜਾਵੇ। ਜਿਸ ਨੂੰ ਮੁੱਖ ਰੱਖਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਦੇ ਮੁੱਖ ਚੋਣ ਅਧਿਕਾਰੀ ਦੇ ਨਾਂਅ ਪੱਤਰ ਜਾਰੀ ਕਰ ਆਪਣੇ ਫ਼ੈਸਲੇ ਨੂੰ ਮੁੜ ਤੋਂ ਵਿਚਾਰਨ ਲਈ ਕਿਹਾ ਹੈ, ਆਪਣੇ ਪੱਤਰ ਵਿਚ ਪੰਥਕ ਪਾਰਟੀ ਦਾ ਕਹਿਣਾ ਹੈ ਕਿ ਪੰਥ ਦੀ ਸਾਂਝੀ ਉਮੀਦਵਾਰ ਬੀਬੀ ਰਾਜੋਆਣਾ ਦੇ ਪੋਸਟਰ 'ਤੇ ਰੋਕ ਉਸਦੀ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਪੋਸਟਰ ਪਹਿਲਾਂ ਵੀ ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਅਤੇ ਅਤਿੰਦਰਪਾਲ ਸਿੰਘ ਦੀਆਂ ਚੋਣਾਂ ਦੌਰਾਨ ਲਗਦੇ ਰਹੇ ਹਨ, ਜਿਨ੍ਹਾਂ ਨਾਲ ਕੋਈ ਬੇਲੋੜੀ ਅਸ਼ਾਂਤੀ ਨਹੀਂ ਫੈਲੀ। ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦੁਬਾਈ ਤੋਂ ਆਏ ਵਿਅਕਤੀ ਦਾ ਗੋਲੀਆ ਮਾਰ ਕੇ ਕੀਤਾ ਕਤਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਰਚ ਵਿਚ ਵਿਧਾਇਕ ਬਣਨ ਮਗਰੋਂ ਸੰਗਰੂਰ ਤੋਂ ਸਾਂਸਦ ਦੀ ਸੀਟ ਖ਼ਾਲੀ ਹੈ ਜਿਸ ਲਈ ਜ਼ਿਮਨੀ ਚੋਣ ਆਉਣ ਵਾਲੀ 23 ਜੂਨ ਨੂੰ ਨਿਰਧਾਰਿਤ ਕੀਤੀ ਗਈ ਹੈ। -PTC News