ਮਾਤਾ ਨੈਣਾ ਦੇਵੀ ਸਾਉਣ ਅਸ਼ਟਮੀ ਮੇਲੇ ਦੌਰਾਨ ਰੋਡ 'ਤੇ ਨਹੀਂ ਲਗਾਏ ਜਾ ਸਕਣਗੇ ਲੰਗਰ
ਅਨੰਦਪੁਰ ਸਾਹਿਬ : ਮਾਤਾ ਸ੍ਰੀ ਨੈਣਾ ਦੇਵੀ ਸਾਉਣ ਅਸ਼ਟਮੀ ਮੇਲੇ ਦੇ ਮੱਦੇਨਜ਼ਰ ਅਨੰਦਪੁਰ ਸਾਹਿਬ ਪ੍ਰਸ਼ਾਸਨ ਨੇ ਇਸ ਵਾਰ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ। ਸਾਉਣ ਅਸ਼ਟਮੀ ਮੇਲੇ ਦੌਰਾਨ ਰੋਡ ਉਤੇ ਲੰਗਰ ਨਹੀਂ ਲਗਾਏ ਜਾ ਸਕਣਗੇ। ਪ੍ਰਸ਼ਾਸਨ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਲੰਗਰ ਜਾਂ ਲਾਊਡ ਸਪੀਕਰ ਲਗਾਉਣ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪਵੇਗੀ। ਬਿਨ੍ਹਾਂ ਮਨਜ਼ੂਰੀ ਦੇ ਲੰਗਰ ਲਗਾਏ ਜਾਣ ਉਤੇ ਸਖ਼ਤ ਕਾਰਵਾਈ ਦੇ ਹੁਕਮ ਸੁਣਾਏ ਗਏ ਹਨ। ਜਾਣਕਾਰੀ ਅਨੁਸਾਰ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਜਾਰੀ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਸਾਉਣ ਅਸ਼ਟਮੀ ਮੇਲਾ ਸ੍ਰੀ ਨੈਣਾ ਦੇਵੀ ਜੀ ਹਿਮਾਚਲ ਪ੍ਰਦੇਸ਼ ਵਿਖੇ 29 ਜੁਲਾਈ ਤੋਂ 6 ਅਗਸਤ ਤੱਕ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੌਰਾਨ ਹਰ ਸਾਲ ਹੀ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਰੂਟ ਉੱਤੇ ਸੜਕ ਦੇ ਨਾਲ ਲੱਗਦੇ ਪਿੰਡਾਂ ਵਿੱਚ ਲੰਗਰ ਲਗਾਏ ਜਾਂਦੇ ਹਨ। ਇਹ ਵੇਖਣ ਵਿੱਚ ਆਇਆ ਹੈ ਕਿ ਇਹ ਲੰਗਰ ਜ਼ਿਆਦਾਤਰ ਪਿੰਡਾਂ, ਜਥੇਬੰਦੀਆਂ, ਕਮੇਟੀਆਂ ਵੱਲੋਂ ਮਿਲ ਕੇ ਲਗਾਏ ਜਾਂਦੇ ਹਨ, ਜਿਸ ਕਾਰਨ ਅਨੰਦਪੁਰ ਸਾਹਿਬ- ਨੈਣਾ ਦੇਵੀ ਰੋਡ ਉੱਤੇ ਅਕਸਰ ਟ੍ਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ। ਇਸ ਕਾਰਨ ਭੀੜ ਇਕੱਠੀ ਹੋਣ ਕਾਰਨ ਅਣਸੁਖਾਵੀਂ ਦੁਰਘਟਨਾ ਵਾਪਰਨ ਦਾ ਹਮੇਸ਼ਾ ਖ਼ਦਸ਼ਾ ਰਹਿੰਦਾ ਹੈ। ਸ਼ਰਧਾਲੂਆਂ/ਆਮ ਜਨਤਾ ਦੀ ਸੁਰੱਖਿਆ ਦੇ ਮੱਦੇਨਜ਼ਰ ਹਦਾਇਤ ਹੈ ਕਿ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਰੋਡ ਉੱਤੇ ਲੱਗਦੇ ਸਮੂਹ ਪਿੰਡਾਂ ਦੇ ਸਰਪੰਚਾਂ,ਪੰਚਾਂ, ਕਮੇਟੀਆਂ/ਜਥੇਬੰਦੀਆਂ ਦੇ ਮੈਂਬਰਾਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਕੋਈ ਵੀ ਲੰਗਰ ਬਿਨਾਂ ਮਨਜ਼ੂਰੀ ਤੋਂ ਨਾ ਲਗਵਾਇਆ ਜਾਵੇ ਤੇ ਲੰਗਰ ਦੌਰਾਨ ਚਲਾਏ ਜਾਂਦੇ ਭਜਨ/ਗੀਤਾਂ ਲਈ ਲਾਊਡ ਸਪੀਕਰ ਦੀ ਮਨਜ਼ੂਰੀ ਲੈਣੀ ਵੀ ਯਕੀਨੀ ਬਣਾਈ ਜਾਵੇ। ਜੇ ਕੋਈ ਵੀ ਲੰਗਰ/ਲਾਊਂਡ ਸਪੀਕਰ ਬਿਨਾਂ ਮਨਜ਼ੂਰੀ ਦੌਰਾਨ ਲੰਗਰ ਜਾਂ ਸਪੀਕਰ ਚੱਲਦਾ ਪਾਇਆ ਗਿਆ ਤਾਂ ਸਬੰਧਤ ਖਿਲਾਫ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਵੀ ਪੜ੍ਹੋ : ਕੈਦੀਆਂ ਦੇ ਡੋਪ ਟੈਸਟ 'ਚ ਹੈਰਾਨੀਜਨਕ ਖ਼ੁਲਾਸੇ, ਹਰ ਤੀਸਰਾ ਕੈਦੀ ਕਰ ਰਿਹਾ ਨਸ਼ਾ