ਜ਼ਮੀਨ ਦੀ ਕੁਰਕੀ: ਕਿਸਾਨਾਂ ਨੇ ਲਾਇਆ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ
ਮੁਨੀਸ਼ ਗਰਗ (ਤਲਵੰਡੀ ਸਾਬੋ, 17 ਅਕਤੂਬਰ): ਪਿੰਡ ਚੱਠੇਵਾਲਾ ਦੇ ਦੋ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਵੱਲੋਂ ਤਹਿਸੀਲਦਾਰ ਦਫਤਰ ਤਲਵੰਡੀ ਸਾਬੋ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਵੱਲੋਂ ਮੁਹੱਈਆ ਜਾਣਕਾਰੀ ਅਨੁਸਾਰ ਪਿੰਡ ਚੱਠੇਵਾਲਾ ਦੇ ਦੋ ਕਿਸਾਨਾਂ ਮੇਜਰ ਸਿੰਘ ਪੁੱਤਰ ਜੀਤ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਜੀਤ ਸਿੰਘ ਦੀਆਂ ਜ਼ਮੀਨਾਂ ਦੀ ਨਿਲਾਮੀ ਰਾਮਾ ਮੰਡੀ ਦੇ ਇੱਕ ਆੜ੍ਹਤੀਏ ਵੱਲੋਂ ਤਹਿਸੀਲਦਾਰ ਦਫਤਰ ਤਲਵੰਡੀ ਸਾਬੋ ਵਿਖੇ ਕਰਵਾਈ ਜਾਣੀ ਸੀ। ਜਿਸ ਦੀ ਜਾਣਕਾਰੀ ਪੀੜਤ ਕਿਸਾਨਾਂ ਵੱਲੋਂ ਭਾਕਿਯੂ (ਉਗਰਾਹਾਂ) ਦੀ ਬਲਾਕ ਇਕਾਈ ਦੇ ਧਿਆਨ ਵਿੱਚ ਲਿਆਉਣ ਉਪਰੰਤ ਅੱਜ ਕਿਸਾਨਾਂ ਨੇ ਜਗਦੇਵ ਸਿੰਘ ਜੋਗੇਵਾਲਾ, ਕੁਲਵਿੰਦਰ ਸਿੰਘ ਗਿਆਨਾ ਅਤੇ ਰਣਜੋਧ ਸਿੰਘ ਮਾਹੀਨੰਗਲ ਦੀ ਅਗਵਾਈ ਵਿੱਚ ਤਹਿਸੀਲਦਾਰ ਦਫਤਰ ਤਲਵੰਡੀ ਸਾਬੋ ਅੱਗੇ ਧਰਨਾ ਆਰੰਭ ਦਿੱਤਾ। ਕਿਸਾਨ ਆਗੂਆਂ ਅਨੁਸਾਰ ਧਰਨੇ ਦੇ ਬਾਵਜ਼ੂਦ ਤਹਿਸੀਲਦਾਰ ਤਲਵੰਡੀ ਸਾਬੋ ਨੇ ਪਿੰਡ ਚੱਠੇਵਾਲਾ ਪੁੱਜ ਕੇ ਕੁਰਕੀ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੀ ਕੋਸ਼ਿਸ ਕੀਤੀ ਪ੍ਰੰਤੂ ਕਿਸਾਨ ਆਗੂ ਕਾਲਾ ਚੱਠੇਵਾਲਾ ਦੀ ਅਗਵਾਈ ਵਿੱਚ ਕਿਸਾਨਾਂ ਨੇ ਉੱਥੇ ਪੁੱਜ ਕੇ ਵੀ ਕੁਰਕੀ ਦੀ ਪ੍ਰਕ੍ਰਿਆ ਰੋਕਣ ਲਈ ਪ੍ਰਸ਼ਾਸਨ ਨੂੰ ਮਜ਼ਬੂਰ ਕਰ ਦਿੱਤਾ। ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ 'ਚ ਹੋਏ ਘਪਲਿਆਂ ਤੇ ਫ਼ੈਲੇ ਭ੍ਰਿਸ਼ਟਾਚਾਰ ਖ਼ਿਲਾਫ਼ ਰੋਸ ਰੈਲੀ ਕਿਸਾਨ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੀ ਹੁਣ ਸਰਮਾਏਦਾਰਾਂ ਦੇ ਹੱਕ ਵਿੱਚ ਭੁਗਤ ਰਹੀ ਹੈ ਜਿੱਥੇ ਕਿਸਾਨਾਂ ਨੇ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਉ ਕੀਤਾ ਹੋਇਆ ਹੈ ਉੱਥੇ ਸਰਕਾਰ ਕਿਸਾਨਾਂ ਨੂੰ ਜਾਣਬੁੱਝ ਕੇ ਖੱਜਲਖੁਆਰ ਕਰ ਰਹੀ ਹੈ। ਉਨਾਂ ਕਿਹਾ ਕਿ ਮੌਜੂਦਾ ਸਰਕਾਰ ਪਿਛਲੇ ਸਮੇਂ ਵਿੱਚ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣ ਤੋਂ ਜਿੱਥੇ ਟਾਲਾ ਵੱਟ ਗਈ ਹੈ ਉੇੱਥੇ ਮਾਈਨਿੰਗ ਦੇ ਨਾਂ ਤੇ ਕਿਸਾਨਾਂ ਤੇ ਪਰਚੇ ਦਰਜ਼ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀ ਹੋਣ ਦਿੱਤੀ ਜਾਵੇਗੀ। -PTC News