ਕੁਲਦੀਪ ਬਿਸ਼ਨੋਈ ਨੇ ਦਿੱਤਾ ਅਸਤੀਫ਼ਾ , ਕਿਹਾ ਕਾਂਗਰਸ ਆਪਣੀ ਵਿਚਾਰਧਾਰਾ ਤੋਂ ਭਟਕ ਚੁੱਕੀ
ਚੰਡੀਗੜ੍ਹ : ਹਰਿਆਣਾ ਦੇ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਹਰਿਆਣਾ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਸੌਂਪਿਆ। ਨਾਲ ਹੀ ਜ਼ੋਰ ਦਿੱਤਾ ਕਿ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ। ਕੁਲਦੀਪ ਬਿਸ਼ਨੋਈ ਨੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੂੰ ਆਦਮਪੁਰ ਤੋਂ ਚੋਣ ਲੜਨ ਦੀ ਚੁਣੌਤੀ ਵੀ ਦਿੱਤੀ ਹੈ। ਬਿਸ਼ਨੋਈ ਨੇ ਕਿਹਾ ਕਿ ਹਰਿਆਣਾ ਕਾਂਗਰਸ ਦਾ ਸੂਬਾ ਪ੍ਰਧਾਨ ਨਾ ਬਣਾਇਆ ਜਾਣਾ ਹੀ ਕਾਂਗਰਸ ਛੱਡਣ ਦਾ ਕਾਰਨ ਨਹੀਂ ਹੈ, ਸਗੋਂ ਮੁੱਖ ਕਾਰਨ ਇਹ ਹੈ ਕਿ ਕਾਂਗਰਸ ਪਾਰਟੀ ਆਪਣੀ ਵਿਚਾਰਧਾਰਾ ਤੋਂ ਭਟਕ ਗਈ ਹੈ। ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਨ ਅਤੇ ਅਜਿਹੇ ਵਿੱਚ ਉਹ ਭਲਕੇ ਦਿੱਲੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ ਅਤੇ ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਰਹਿਣਗੇ। ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਉਨ੍ਹਾਂ ਦਾ ਪੁੱਤਰ ਭਵਿਆ ਆਦਮਪੁਰ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਲੜੇ ਪਰ ਅੰਤਿਮ ਫ਼ੈਸਲਾ ਭਾਜਪਾ ਨੇ ਹੀ ਲੈਣਾ ਹੈ। ਦੂਜੇ ਪਾਸੇ ਕੁਲਦੀਪ ਬਿਸ਼ਨੋਈ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਹੁੱਡਾ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਆਦਮਪੁਰ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ। ਜੇਕਰ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਿੱਚ ਹਿੰਮਤ ਹੈ ਤਾਂ ਉਹ ਆਦਮਪੁਰ ਸੀਟ ਤੋਂ ਚੋਣ ਲੜ ਕੇ ਦਿਖਾਉਣ। ਦੂਜੇ ਪਾਸੇ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਨੇ ਸਿਆਸਤ ਨਾਲ ਸਬੰਧਤ ਜੋ ਵੀ ਫੈਸਲਾ ਲਿਆ ਹੈ, ਉਹ ਹਮੇਸ਼ਾ ਸਹੀ ਰਿਹਾ ਹੈ ਪਰ ਕਦੇ-ਕਦੇ ਇਹ ਕਿਸਮਤ ਦੀ ਗੱਲ ਵੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਬਿਸ਼ਨੋਈ ਨੇ 2019 'ਚ ਹਰਿਆਣਾ 'ਚ ਆਦਮਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜੀ ਸੀ ਅਤੇ ਭਾਜਪਾ ਦੀ ਉਮੀਦਵਾਰ ਸੋਨਾਲੀ ਫੋਗਾਟ ਨੂੰ ਹਰਾਇਆ ਸੀ। ਇਹ ਵੀ ਪੜ੍ਹੋ : ਐਸਜੀਪੀਸੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸਥਿਤ ਸਰਾਵਾਂ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਉਣ ਦੀ ਨਿਖੇਧੀ