ਪਟਿਆਲਾ ਸਿਟੀ-1 'ਚ ਕ੍ਰਿਸ਼ਨ ਕੁਮਾਰ ਪਾਥੈ ਨੂੰ ਡੀਐਸਪੀ ਵਜੋਂ ਕੀਤਾ ਨਿਯੁਕਤ
ਪਟਿਆਲਾ : ਪਟਿਆਲਾ ਵਿੱਚ ਦੋ ਧਿਰਾਂ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਕਾਫੀ ਫੇਰਬਦਲ ਨਜ਼ਰ ਆ ਰਿਹਾ ਹੈ। ਇਸ ਤਹਿਤ ਹੀ ਕ੍ਰਿਸ਼ਨ ਕੁਮਾਰ ਥਾਪੈ ਨੂੰ ਪਟਿਆਲਾ ਸਿਟੀ-1 ਵਿੱਚ ਡੀਐਸਪੀ ਵਜੋਂ ਤਾਇਨਾਤ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅੱਜ ਸਵੇਰੇ ਪਟਿਆਲਾ ਹਿੰਸਾ ਮਗਰੋਂ ਪਟਿਆਲਾ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.), ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਅਤੇ ਐਸ.ਪੀ. ਦਾ ਫੌਰੀ ਪ੍ਰਭਾਵ ਨਾਲ ਤਬਾਦਲਾ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁਖਵਿੰਦਰ ਸਿੰਘ ਛੀਨਾ ਨੂੰ ਪਟਿਆਲਾ ਦਾ ਨਵਾਂ ਆਈ.ਜੀ, ਦੀਪਕ ਪਾਰਿਕ ਨੂੰ ਐਸ.ਐਸ.ਪੀ. ਅਤੇ ਵਜ਼ੀਰ ਸਿੰਘ ਨੂੰ ਐਸ.ਪੀ. ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਬਾਅਦ ਬਾਅਦ DSP ਪਟਿਆਲਾ ਅਸ਼ੋਕ ਕੁਮਾਰ, ਕੋਤਵਾਲੀ ਦੇ ਐੱਸਐਚਓ ਬਿਕਰਮ ਸਿੰਘ, ਐਸਐਚਓ ਲਾਹੌਰੀ ਗੇਟ ਗੁਰਪ੍ਰੀਤ ਸਿੰਘ ਦੇ ਵੀ ਤਬਾਦਲੇ ਕੀਤੇ ਗਏ ਸਨ। ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸ਼ੁੱਕਰਵਰਾ ਨੂੰ ਭਾਰੀ ਤਣਾਅ ਦਾ ਮਾਹੌਲ ਬਣ ਗਿਆ ਸੀ ਜਦੋਂ ਦੋ ਧੜਿਆਂ ਵਿਚਕਾਰ ਸਿੱਧਾ ਟਕਰਾਅ ਹੋ ਗਿਆ ਸੀ। ਝੜਪਾਂ ਦੌਰਾਨ ਇੱਕ ਸਿੱਖ ਨੌਜਵਾਨ ਦੇ ਗੋਲੀ ਲੱਗੀ ਸੀ ਜਦਕਿ ਦੂਜੇ ਧੜੇ ਦੇ ਇਕ ਆਗੂ ਸਮੇਤ ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ। ਕਾਲੀ ਮਾਤਾ ਮੰਦਰ ਕੋਲ ਟਕਰਾਅ ਰੋਕਣ ਲਈ ਪੁਲਿਸ ਨੂੰ ਹਵਾ ਵਿਚ ਗੋਲੀਆਂ ਵੀ ਚਲਾਉਣੀਆਂ ਪਈਆਂ। ਹਾਲਾਤ ਤਣਾਅ ਵਾਲੇ ਬਣੇ ਹੋਣ ਕਾਰਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮੁੱਚੇ ਪਟਿਆਲਾ ਜ਼ਿਲ੍ਹੇ ’ਚ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਲੈ ਕੇ ਸ਼ਨਿਚਰਵਾਰ ਸਵੇਰੇ ਸਾਢੇ 6 ਵਜੇ ਤੱਕ ਕਰਫਿਊ ਲਾ ਦਿੱਤਾ ਸੀ। ਇਹ ਵੀ ਪੜ੍ਹੋ : ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ : ਆਈਜੀ