ਜਾਣੋ ਕੌਣ ਕਰਵਾ ਰਿਹੈ? ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਮੰਤਰੀ ਨੂੰ ਸੁਮੱਤ ਦੇਣ ਦੀ ਅਰਦਾਸ !
ਅੰਮ੍ਰਿਤਸਰ: ਪਿਛਲੇ ਦਿਨੀਂ ਭਗਵੰਤ ਸਿੰਘ ਮਾਨ ਵੱਲੋਂ ਜੀਓਜੀ ਸਰਵਿਸ ਬੰਦ ਕਰ ਦਿੱਤੀ ਗਈ ਹੈ। ਸਰਕਾਰ ਦਾ ਤਰਕ ਹੈ ਕਿ ਸਾਬਕਾ ਫ਼ੌਜੀਆਂ ਵੱਲੋਂ ਇਸ ਵਿੱਚ ਵਧੀਆ ਕਾਰਗੁਜ਼ਾਰੀ ਨਹੀਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੀਓਜੀ ਗਾਰਡ ਆਫ ਗਵਰਨੈਂਸ ਉਹ ਸਰਵਿਸ ਹੈ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਪੰਜਾਬ ਰਾਜ ਵੱਲੋਂ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਗਾਰਡ ਆਫ਼ ਗਵਰਨੈਂਸ ਵੱਲੋਂ ਕੀਤਾ ਜਾਂਦਾ ਸੀ। ਗਾਰਡ ਆਫ ਗਵਰਨੈਂਸ ਵਿਚ ਕੇਵਲ ਸਾਬਕਾ ਫੌਜੀਆਂ ਦੀ ਭਰਤੀ ਕੀਤੀ ਜਾਂਦੀ ਸੀ ਅਤੇ ਰਾਸ਼ਨ ਵੰਡਣ ਤੋਂ ਲੈ ਕੇ ਪਿੰਡਾਂ ਦੇ ਵਿਚ ਹੋਰ ਭਲਾਈ ਦੇ ਕੰਮ ਕਰਵਾਉਣ ਨੂੰ ਗਾਰਡ ਆਫ ਗਵਰਨੈਂਸ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਸਨ। ਇਸ ਕੰਮ ਲਈ ਸਰਕਾਰ ਸਾਬਕਾ ਫ਼ੌਜੀਆਂ ਨੂੰ ਕੰਮ ਕਰਨ ਵਾਸਤੇ ਮਿਹਨਤਾਨਾ ਵੀ ਦਿੰਦੀ ਸੀ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਗਾਰਡ ਆਫ ਗਵਰਨੈਂਸ ਇਹ ਕਹਿ ਕੇ ਸਾਬਕਾ ਫ਼ੌਜੀਆਂ ਕੋਲੋਂ ਵਾਪਸ ਲੈ ਲਈ ਗਈ ਕਿ ਗਾਰਡ ਆਫ਼ ਗਵਰਨੈਂਸ ਦੇ ਮੈਂਬਰਾਂ ਵੱਲੋਂ ਆਪਣੀ ਕਾਰਗੁਜ਼ਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਗਈ। ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਸਾਬਕਾ ਫ਼ੌਜੀਆਂ ਵਿੱਚ ਵੱਡਾ ਰੋਸ ਹੈ। ਸਾਬਕਾ ਫ਼ੌਜੀਆਂ ਦੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇਕਰ ਭਾਰਤ ਦੀ ਫ਼ੌਜ ਹੀ ਸਹੀ ਕੰਮ ਨਹੀਂ ਕਰ ਸਕਦੀ ਤਾਂ ਫਿਰ ਹੋਰ ਸਹੀ ਕੰਮ ਕੌਣ ਕਰ ਸਕਦਾ ਹੈ? ਸਾਬਕਾ ਸੂਬੇਦਾਰ ਜੋਗਿੰਦਰ ਸਿੰਘ ਇਸ ਗੱਲ ਦਾ ਦਰਦ ਦਿਲ ਵਿਚ ਲੈ ਕੇ ਪਟਿਆਲਾ ਤੋਂ ਪੈਦਲ ਸ੍ਰੀ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਸਾਬਕਾ ਸੂਬੇਦਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਜੀ ਓ ਜੀ ਗਾਰਡ ਆਫ ਗਵਰਨੈਂਸ ਸਰਵਿਸ ਸਾਬਕਾ ਫੌਜੀਆਂ ਨੂੰ ਇਹ ਕਹਿ ਕੇ ਬੰਦ ਕਰ ਦੇਣਾ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਨਹੀਂ ਹੈ ਇਹ ਤਾਂ ਸਿੱਧੇ ਤੌਰ ਉੱਤੇ ਆਰਮੀ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਭਗਵੰਤ ਮਾਨ ਸਰਕਾਰ ਵੱਲੋਂ ਜਲਦਬਾਜ਼ੀ ਅਤੇ ਨਾ ਸਮਝੀ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਜੋ ਉਮੀਦਾਂ ਸਨ ਉਸ ਉੱਤੇ ਬਿਲਕੁਲ ਵੀ ਖਰੀ ਨਹੀਂ ਉਤਰੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਰਾਮਦਾਸ ਜੀ ਦੇ ਦਰ ਉਤੇ ਇਹ ਅਰਦਾਸ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਮੱਤ ਬਖ਼ਸ਼ੀ ਜਾਵੇ ਅਤੇ ਜੀ ਓ ਜੀ ਸਰਵਿਸਿਜ਼ ਨੂੰ ਮੁੜ ਸ਼ੁਰੂ ਕੀਤਾ ਜਾਵੇ। ਇਸ ਫ਼ੈਸਲੇ ਪਿੱਛੇ ਰਾਜਨੀਤਕ ਮੰਤਵ ਦੱਸਦੇ ਹੋਏ ਸਾਬਕਾ ਫੌਜੀ ਐਸੋਸੀਏਸ਼ਨ ਦੇ ਮੈਂਬਰ ਨੇ ਕਿਹਾ ਕਿ ਗਾਰਡ ਆਫ ਗਵਰਨੈਂਸ ਸੰਸਥਾ ਵੱਲੋਂ ਸਿੱਧੇ ਤੌਰ ਤੇ ਲੋਕਾਂ ਨੂੰ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਉਣਾ ਦਵਾਈਆਂ ਅਤੇ ਹੋਰ ਲੋਕ ਭਲਾਈ ਦੀਆਂ ਸਕੀਮਾਂ ਜੋ ਕਿ ਸਰਕਾਰ ਵੱਲੋਂ ਚੱਲ ਰਹੀਆਂ ਹਨ ਉਸ ਦਾ ਸਿੱਧਾ ਲਾਭ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਗਾਰਡ ਆਫ਼ ਗਵਰਨੈਂਸ ਵੱਲੋਂ ਕੀਤਾ ਜਾਂਦਾ ਸੀ। ਇਹ ਵੀ ਪੜ੍ਹੋ:ਆਟਾ ਵੰਡ ਸਕੀਮ ਪੰਜਾਬ 'ਚ ਭ੍ਰਿਸ਼ਟਾਚਾਰ ਦੇ ਦਰਵਾਜ਼ੇ ਖੋਲ੍ਹੇਗੀ : ਬਾਜਵਾ -PTC News