'ਆਮ ਆਦਮੀ' ਦੇ 'ਖਾਸ' CM, ਭਾਰੀ ਸੁਰੱਖਿਆ ਘੇਰੇ 'ਚ ਦਰਬਾਰ ਸਾਹਿਬ ਪੁੱਜੇ, ਵਿਰਾਸਤੀ ਰਸਤਾ ਕੀਤਾ ਬੰਦ
ਅੰਮ੍ਰਿਤਸਰ : ਚੋਣ ਮੁਹਿੰਮ ਦੌਰਾਨ VIP ਕਲਚਰ ਨੂੰ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੇ ਅਤੇ ਵਿਰਾਸਤੀ ਸਿਆਸੀ ਪਾਰਟੀਆਂ ਉਤੇ ਨਿਸ਼ਾਨਾ ਵਿੰਨ੍ਹਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਖ਼ੁਦ ਵੀ ਹੁਣ ਇਸ ਰਾਹ 'ਤੇ ਤੁਰ ਪਏ ਹਨ। ਮੁੱਖ ਮੰਤਰੀ ਭਗਵੰਤ ਮਾਨ ਧਾਰਮਿਕ ਸਥਾਨਾਂ ਉਤੇ ਵੀ ਭਾਰੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮਾਂ ਨਾਲ ਨਤਮਸਤਕ ਹੋ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅੱਜ ਭਾਰੀ ਸੁਰੱਖਿਆ ਘੇਰੇ ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਮੁੱਖ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਰਸਤਾ ਬੰਦ ਕਰ ਦਿੱਤਾ ਗਿਆ। ਇਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਦੀ ਸੁਰੱਖਿਆ ਵਿਚ ਭਾਰੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ। ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲਾ ਵਿਰਾਸਤੀ ਰਸਤਾ ਬੰਦ ਕਰਵਾ ਦਿੱਤਾ। ਇਸ ਕਾਰਨ ਉਥੇ ਰਹਿਣ ਵਾਲੇ ਲੋਕ ਡਾਹਢੇ ਪਰੇਸ਼ਾਨ ਹੋਏ ਅਤੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆਏ। ਪੁਲਿਸ ਨੇ ਬੈਰੀਕੇਡਿੰਗ ਕਰਕੇ ਟ੍ਰੈਫਿਕ ਨੂੰ ਰੋਕ ਦਿੱਤਾ ਅਤੇ ਲੋਕਾਂ ਨੂੰ ਵਾਪਸ ਮੋੜ ਦਿੱਤਾ ਗਿਆ। ਇਸ ਕਾਰਨ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਮੁੱਖ ਮੰਤਰੀ ਦੀ ਦਰਬਾਰ ਸਾਹਿਬ ਫੇਰੀ ਨੂੰ ਲੈ ਕੇ ਨਾਕਾਬੰਦੀ ਉਤੇ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ। ਧੰਨਤੇਰਸ ਕਾਰਨ ਬਾਜ਼ਾਰਾਂ ਵਿਚ ਨੇ ਭਰਵੀਆਂ ਰੌਣਕਾਂ ਸਨ ਪਰ ਲੋਕ ਸ੍ਰੀ ਦਰਬਾਰ ਸਾਹਿਬ ਨੇੜਲੇ ਬਰਤਨਾਂ ਦੇ ਬਾਜ਼ਾਰ ਵਿਚ ਨਹੀਂ ਪਹੁੰਚ ਸਕੇ। ਛੁੱਟੀਆਂ ਹੋਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਆ ਰਹੀ ਸੰਗਤ ਨੂੰ ਵੀ ਖੱਜਲਖੁਆਰੀ ਝੱਲਣੀ ਪੈ ਰਹੀ ਹੈ। ਇਹ ਵੀ ਪੜ੍ਹੋ : ਪੁਲਿਸ ਦੇ ਨਾਕੇ ਤੋਂ ਥੋੜ੍ਹੀ ਦੂਰ ਲੜਕੀ ਕੋਲੋਂ ਮੋਬਾਈਲ ਖੋਹਿਆ, ਸੀਸੀਟੀਵੀ 'ਚ ਵਾਰਦਾਤ ਹੋਈ ਕੈਦ ਪਟਿਆਲਾ 'ਚ ਖ਼ਾਲੀ ਕਰਵਾ ਦਿੱਤੀਆਂ ਸਨ ਸੜਕਾਂ ਕਾਬਿਲੇਗੌਰ ਹੈ ਕਿ 19 ਅਕਤੂਬਰ ਦੀ ਰਾਤ ਨੂੰ ਭਗਵੰਤ ਮਾਨ (Bhagwant Mann) ਪਟਿਆਲਾ ਦੇ ਰਜਿੰਦਰਾ ਹਸਪਤਾਲ (Rajindra Hospital) ਦੀ ਅਚਨਚੇਤ ਚੈਕਿੰਗ ਲਈ ਪਹੁੰਚੇ ਪਰ ਇਸ ਤੋਂ ਪਹਿਲਾਂ ਕਿ CM ਹਸਪਤਾਲ ਤੋਂ ਪਰਤਦੇ, ਜ਼ਿਲ੍ਹਾ ਪੁਲਿਸ ਨੇ ਅਰਬਨ ਅਸਟੇਟ ਪਟਿਆਲਾ (Patiala) ਨੇੜੇ ਫਲਾਈਓਵਰ ਨੂੰ ਖ਼ਾਲੀ ਕਰਵਾ ਦਿੱਤਾ ਗਿਆ। ਇਸ ਕਾਰਨ ਕੁਝ ਹੀ ਮਿੰਟਾਂ ਵਿੱਚ ਫਲਾਈਓਵਰ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਫਲਾਈਓਵਰ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ ਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ (Bhagwant Mann) ਸੀਐਮ ਭਗਵੰਤ ਮਾਨ ਦਾ ਸਾਇਰਨ ਵਜਾਉਂਦਾ 42 ਗੱਡੀਆਂ ਦਾ ਕਾਫਲਾ ਉਥੋਂ ਰਵਾਨਾ ਹੋਇਆ। ਇੱਕ ਪਾਸੇ ਜਿੱਥੇ ਜਾਮ ਵਿੱਚ ਆਮ ਲੋਕ ਪ੍ਰੇਸ਼ਾਨ ਸਨ, ਉੱਥੇ ਹੀ ਦੂਜੇ ਪਾਸੇ CM ਭਗਵੰਤ ਮਾਨ ਦੇ ਕਾਫਲੇ ਦੀਆਂ ਗੱਡੀਆਂ ਤੇਜ਼ ਦੌੜ ਰਹੀਆਂ ਸਨ। -PTC News