HSGPC ਨੂੰ ਮਾਨਤਾ ਦੇ ਵਿਰੋਧ 'ਚ ਅੱਜ ਕੱਢਿਆ ਜਾਵੇਗਾ ਪੰਥਕ ਰੋਸ ਮਾਰਚ, ਜਾਣੋ ਪੂਰਾ ਰੂਟ
ਅੰਮ੍ਰਿਤਸਰ : ਸਿਖਰਲੀ ਅਦਾਲਤ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇਣ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਵਿਸ਼ਾਲ ਪੰਥਕ ਰੋਸ ਮਾਰਚ ਕੱਢਿਆ ਜਾਵੇਗਾ। ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ (ਆਨੰਦਪੁਰ ਸਾਹਿਬ), ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੋਂ ਅਤੇ ਗੁਰਦੁਆਰਾ ਮੰਜੀ ਸਾਹਿਬ (ਅੰਬਾਲਾ) ਤੋਂ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪੁੱਜਣਗੇ। ਤਿੰਨੋਂ ਮਾਰਚ ਕਰੀਬ ਸ਼ਾਮ 4 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜਣਗੇ ਤੇ ਉਪਰੰਤ ਸਮੂਹਿਕ ਅਰਦਾਸ ਕੀਤੀ ਜਾਵੇਗੀ। ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਭਾਈਚਾਰੇ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।
ਪੰਥਕ ਰੋਸ ਮਾਰਚ ਦਾ ਰੂਟ
1. ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਚੱਲਣ ਵਾਲਾ ਰੋਸ ਮਾਰਚ ਪੋਜੇਵਾਲ, ਗੜ੍ਹਸ਼ੰਕਰ, ਨਵਾਂਸ਼ਹਿਰ ਬਾਈਪਾਸ, ਬੰਗਾ, ਫਗਵਾੜਾ, ਜਲੰਧਰ, ਕਰਤਾਰਪੁਰ, ਸੁਭਾਨਪੁਰ, ਬਿਆਸ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਪਹੁੰਚੇਗਾ।
2. ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੰਬਾਲਾ ਤੋਂ ਚੱਲਣ ਵਾਲਾ ਮਾਰਚ ਰਾਜਪੁਰਾ, ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ, ਲੁਧਿਆਣਾ ਫਗਵਾੜਾ, ਜਲੰਧਰ ਰਾਹੀਂ ਹੁੰਦਾ ਹੋਇਆ ਅੰਮ੍ਰਿਤਸਰ ਆਏਗਾ।
3. ਤੀਜਾ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ ਜੋ ਬਠਿੰਡਾ, ਬਾਜਾਖਾਨਾ, ਬਰਗਾੜੀ, ਕੋਟਕਪੂਰਾ ਬਾਈਪਾਸ, ਜੀਰਾ, ਹਰੀਕੇ, ਤਰਨਤਾਰਨ ਹੁੰਦਾ ਹੋਇਆ ਅੰਮ੍ਰਿਤਸਰ ਪਹੁੰਚੇਗਾ।
ਤਿੰਨੇ ਰੋਸ ਮਾਰਚ ਸ੍ਰੀ ਅੰਮ੍ਰਿਤਸਰ ਪਹੁੰਚਣ ਉਤੇ ਗੋਲਡਨ ਗੇਟ ਵਿਖੇ ਇਕੱਠੇ ਹੋਣਗੇ, ਜਿਥੋਂ ਸਮੁੱਚੇ ਰੂਪ ਵਿੱਚ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕਰਨਗੀਆਂ।
-PTC News
ਇਹ ਵੀ ਪੜ੍ਹੋ : ਰੇਲਗੱਡੀ 'ਚ ਸੀਟ ਨੂੰ ਲੈ ਕੇ ਔਰਤਾਂ ਭਿੜੀਆਂ, ਮਹਿਲਾ ਪੁਲਿਸ ਮੁਲਾਜ਼ਮ ਦੀ ਵੀ ਕੀਤੀ ਕੁੱਟਮਾਰ