ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ, ਵਾਅਦਾਖ਼ਿਲਾਫ਼ੀ ਦੇ ਲਗਾਏ ਦੋਸ਼
ਨਵਾਂਸ਼ਹਿਰ : ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਇਕ ਵਾਰ ਫਿਰ ਆਪਣੇ ਸਾਥੀਆਂ ਸਮੇਤ ਖਟਕੜ ਕਲਾਂ ਵਿਖੇ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਧਾਨ ਚੋਣਾਂ ਦੌਰਾਨ ਟੈਂਕੀ ਉਤੇ ਚੜ੍ਹ ਕੇ ਪ੍ਰਦਰਸ਼ਨਕਾਰੀ ਕੁੜੀ ਨੂੰ ਭੈਣ ਬਣਾ ਕੇ ਉਸ ਨੂੰ ਟੈਂਕੀ ਉਤੋਂ ਉਤਾਰਿਆ ਗਿਆ ਸੀ। ਉਨ੍ਹਾਂ ਦੇ ਧਰਨੇ ਵਿਚ 'ਆਪ' ਵਿਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਪੁੱਜੇ ਸਨ ਤੇ ਉਸ ਨੂੰ ਭੈਣ ਬਣਾਇਆ ਸੀ। ਪੰਜਾਬ 'ਚ ਸਰਕਾਰ ਬਣਨ ਉਤੇ ਉਨ੍ਹਾਂ ਦੀ ਭਰਤੀ ਦਾ ਭਰੋਸਾ ਦਿੱਤਾ ਸੀ ਪਰ ਹੁਣ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਦਰਅਸਲ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਖਟਕੜ ਕਲਾਂ ਵਿਖੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। 646 ਬੇਰੁਜ਼ਗਾਰ ਪੀਟੀਆਈ ਅਧਿਆਪਕ 2011 ਵਾਲੇ ਜਿਨ੍ਹਾਂ ਵਿਚ ਸਿੱਪੀ ਸ਼ਰਮਾ ਸਾਥੀਆਂ ਸਮੇਤ ਅੱਜ ਭਗਵੰਤ ਮਾਨ ਮੁੱਖ ਮੰਤਰੀ ਤੇ 'ਆਪ' ਸਰਕਾਰ ਦੇ ਲਾਰਿਆ ਤੋਂ ਤੰਗ ਹੋ ਕੇ ਖਟਕੜ ਕਲਾਂ ਟੈਂਕੀ ਉਤੇ ਚੜ੍ਹ ਗਏ ਹਨ। 646 ਪੀਟੀਆਈ ਬੇਰੁਜ਼ਗਾਰ ਅਧਿਆਪਕਾਂ ਨੇ ਸ਼ਹੀਦ ਭਗਤ ਸਿੰਘ ਦੇ ਘਰ ਨੇੜੇ ਟੈਂਕੀ ਉਤੇ ਚੜ੍ਹ ਕੇ ਧਰਨਾ ਦਿੱਤਾ। ਬੇਰੁਜ਼ਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਂਦੇ ਹੀ ਉਨ੍ਹਾਂ ਨੂੰ ਭਰਤੀ ਕੀਤਾ ਜਾਵੇਗਾ ਪਰ ਇਹ ਵਾਅਦਾ ਵਫ਼ਾ ਨਹੀਂ ਹੋਇਆ। ਇਸ ਲਈ ਅੱਜ ਉਹ ਧਰਨਾ ਦੇਣ ਲਈ ਮਜਬੂਰ ਹਨ। ਟੈਂਕੀ 'ਤੇ ਚੜ੍ਹਨ ਵਾਲੀ ਬੇਰੁਜ਼ਗਾਰ ਪੀਟੀਆਈ ਮਹਿਲਾ ਅਧਿਆਪਕ ਸਿੱਪੀ ਸ਼ਰਮਾ ਨੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਵਿਧਾਇਕ ਅੰਗੁਰਾਲ ਦੇ ਭਰਾ ਨੇ ਡਾਕਟਰਾਂ ਤੋਂ ਨਹੀਂ ਮੰਗੀ ਮਾਫੀ, ਸਟਾਫ ਵੱਲੋਂ ਅਲਟੀਮੇਟਮ ਵੀਡੀਓ ਵਿੱਚ ਇਕ ਬੇਰੁਜ਼ਗਾਰ ਪੀਟੀਆਈ ਮਹਿਲਾ ਟੀਚਰ ਦੱਸ ਰਹੀ ਹੈ ਕਿ ਉਸ ਦੇ ਭਰਾ ਅਰਵਿੰਦ ਕੇਜਰੀਵਾਲ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦੇ ਹੀ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਅਜੇ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ। ਸਿੱਪੀ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਨੌਕਰੀਆਂ ਦੇਣੀਆਂ ਤਾਂ ਦੂਰ, ਹੁਣ ਉਹ ਮਿਲਣ ਤੋਂ ਵੀ ਕੰਨੀ ਕਤਰਾਉਂਦੇ ਹਨ। ਅੱਜ ਮਜਬੂਰੀ ਵਿਚ ਆਪਣਾ ਹੱਕ ਲੈਣ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਉਤੇ ਖਟਕੜ ਕਲਾਂ 'ਚ ਪਾਣੀ ਵਾਲੀ ਟੈਂਕੀ ਉਤੇ ਧਰਨੇ ਉਤੇ ਬੈਠਣਾ ਪਿਆ ਹੈ। ਅੱਜ ਕੇਜਰੀਵਾਲ ਖਟਕੜ ਕਲਾਂ ਆ ਰਹੇ ਹਨ। ਜਿੱਥੇ ਪੰਡਾਲ ਲਗਾਇਆ ਹੋਇਆ ਹੈ, ਉਸ ਦੇ ਸਾਹਮਣੇ ਪਾਣੀ ਵਾਲੀ ਟੈਂਕੀ 'ਤੇ ਬੈਠੇ ਹੋਏ ਹਨ। ਸਿੱਪੀ ਕਹਿ ਰਹੀ ਹੈ ਕਿ ਉਹ ਅਤੇ ਉਸ ਦੇ ਦੋ ਸਾਥੀ ਟੈਂਕੀ 'ਤੇ ਬੈਠੇ ਹਨ। ਹੁਣ ਦੇਖਣਾ ਇਹ ਹੈ ਕਿ ਉਨ੍ਹਾਂ ਦੇ ਭਰਾ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮਿਲਣ ਆਉਂਦੇ ਹਨ ਜਾਂ ਨਹੀਂ। -PTC News