ਕੇਜਰੀਵਾਲ 'ਤੇ ਲੱਗਾ ਸਟੈਂਪ ਡਿਊਟੀ ਚੋਰੀ ਕਰਨ ਦਾ ਦੋਸ਼, ਉਪ ਰਾਜਪਾਲ ਨੇ ਦਿੱਤੇ ਜਾਂਚ ਦੇ ਹੁਕਮ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਉਪ ਰਾਜਪਾਲ (ਐਲਜੀ) ਵਿਨੈ ਕੁਮਾਰ ਸਕਸੈਨਾ (ਵੀਕੇ ਸਕਸੈਨਾ) ਨੂੰ ਇਕ ਹੋਰ ਸ਼ਿਕਾਇਤ ਪ੍ਰਾਪਤ ਹੋਈ ਹੈ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਦਿੱਲੀ ਸਰਕਾਰ ਦੇ ਮੁੱਖ ਸਕੱਤਰ ਨੂੰ ਉਸ ਸ਼ਿਕਾਇਤ 'ਤੇ 'ਲੋੜੀਂਦੀ ਕਾਰਵਾਈ' ਕਰਨ ਲਈ ਕਿਹਾ ਹੈ ਜਿਸ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਹਰਿਆਣਾ ਵਿਚ ਵੇਚੀਆਂ ਗਈਆਂ ਆਪਣੀਆਂ ਤਿੰਨ ਜਾਇਦਾਦਾਂ ਦੀ 'ਘੱਟ ਕੀਮਤ' ਦਾ ਦਾਅਵਾ ਕਰਕੇ 'ਟੈਕਸ ਚੋਰੀ' ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਪ ਰਾਜਪਾਲ ਦੇ ਦਫ਼ਤਰ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਦਿੱਲੀ ਸਰਕਾਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਆਮ ਆਦਮੀ ਪਾਰਟੀ (ਆਪ) ਦੇ ਸੂਤਰਾਂ ਨੇ ਕਿਹਾ ਹੈ ਕਿ ''ਪੁਸ਼ਤੈਨੀ ਜਾਇਦਾਦ" ਨੂੰ ਕੁਲੈਕਟਰ ਰੇਟ 'ਤੇ ਵੇਚਿਆ ਗਿਆ ਹੈ। ਕਿਸੇ ਗਲਤ ਕੰਮ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ? ਹਾਲਾਂਕਿ ਜੇਕਰ ਉਪ ਰਾਜਪਾਲ ਚਾਹੁੰਦੇ ਹਨ ਤਾਂ ਉਹ ਕੇਂਦਰੀ ਜਾਂਚ ਬਿਊਰੋ (ਸੀਬੀਆਈ), ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਾਂ ਕਿਸੇ ਹੋਰ ਤੋਂ ਜਾਂਚ ਕਰਵਾ ਸਕਦਾ ਹੈ। ਸੂਤਰਾਂ ਅਨੁਸਾਰ ਦਿੱਲੀ ਲੋਕਯੁਕਤ ਨੂੰ ਸੰਬੋਧਤ ਸ਼ਿਕਾਇਤ ਦੀ ਇਕ ਕਾਪੀ ਇਸ ਸਾਲ 28 ਅਗਸਤ ਨੂੰ ਉਪ ਰਾਜਪਾਲ ਦਫ਼ਤਰ ਨੂੰ ਵੀ ਮਿਲੀ ਸੀ। ਸ਼ਿਕਾਇਤਕਰਤਾ ਦੇ ਨਾਮ ਦਾ ਖ਼ੁਲਾਸਾ ਕੀਤੇ ਬਿਨਾਂ ਸੂਤਰਾਂ ਨੇ ਕਿਹਾ ਕਿ ਉਪ ਰਾਜਪਾਲ ਨੇ ਅੱਗੇ ਦੀ ਕਾਰਵਾਈ ਲਈ ਮੁੱਖ ਸਕੱਤਰ ਨੂੰ ਸ਼ਿਕਾਇਤ ਭੇਜੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਤਿੰਨ ਜਾਇਦਾਦਾਂ, ਦੋ ਕੇਜਰੀਵਾਲ ਦੀ ਤੇ ਇਕ ਉਨ੍ਹਾਂ ਦੇ ਪਿਤਾ ਦੀ ਉਨ੍ਹਾਂ ਦੀ ਪਤਨੀ ਰਾਹੀਂ ਵੇਚੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਭਿਵਾਨੀ ਵਿਚ ਤਿੰਨ ਸ਼ਹਿਰੀ ਵਪਾਰਕ ਪਲਾਟਾਂ ਨੂੰ 15 ਫ਼ਰਵਰੀ 2021 ਨੂੰ 4.54 ਕਰੋੜ ਰੁਪਏ ਦੇ ਬਾਜ਼ਾਰ ਮੁੱਲ ਉਤੇ ਵੇਚਿਆ ਗਿਆ ਸੀ ਪਰ ਕਾਗਜ਼ ਉਤੇ ਇਸ ਦਾ ਬਹੁਤ ਘੱਟ ਮੁੱਲ ਦਿਖਾਇਆ ਗਿਆ ਹੈ ਅਤੇ 72.72 ਲੱਖ ਰੁਪਏ ਲੱਖ ਰੁਪਏ ਦੱਸਿਆ ਗਿਆ। ਸ਼ਿਕਾਇਕਰਤਾ ਨੇ ਦੋਸ਼ ਲਗਾਇਆ ਕਿ ਲੈਣ-ਦੇਣ ਵਿਚ ਸਟੈਂਪ ਡਿਊਟੀ ਵਿਚ 25.93 ਲੱਖ ਰੁਪਏ ਅਤੇ ਪੂੰਜੀਗਤ ਲਾਭ ਟੈਕਸ ਦੇ ਰੂਪ ਵਿਚ 76.4 ਲੱਖ ਰੁਪਏ ਦੀ ਚੋਰੀ ਸ਼ਾਮਲ ਹੈ। ਇਹ ਵੀ ਪੜ੍ਹੋ : ਸਰਹੱਦੀ ਇਲਾਕੇ 'ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ, ਬੀਐਸਐਫ ਵੱਲੋਂ ਹਾਈ ਕੋਰਟ 'ਚ ਦਾਖ਼ਲ ਜਵਾਬ ਅਧਿਕਾਰੀਆਂ ਮੁਤਾਬਕ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕੇਜਰੀਵਾਲ ਨੇ ਨਾ ਸਿਰਫ਼ 3.8 ਕਰੋੜ ਰੁਪਏ ਦੀ ਬੇਹਿਸਾਬ ਨਕਦੀ ਹਾਸਲ ਕੀਤੀ ਬਲਕਿ 25.93 ਲੱਖ ਰੁਪਏ ਦੀ ਸਟੈਂਪ ਡਿਊਟੀ ਅਤੇ 76.4 ਲੱਖ ਰੁਪਏ ਦੇ ਪੂੰਜੀਗਤ ਲਾਭ ਹਾਸਲ ਕਰਕੇ ਟੈਕਸ ਦੀ ਵੀ ਚੋਰੀ ਕੀਤੀ। ਸ਼ਿਕਾਇਤ ਵਿਚ ਕਿਹਾ ਗਿਆ ਕਿ ਨਾਮ ਨਾ ਛੁਪਾਉਣ ਦੀ ਸ਼ਰਤ ਉਤੇ ਸ਼ਿਕਾਇਤਕਰਤਾ ਨਾਲ ਸੰਪਰਕ ਕਰਨ ਵਾਲੇ ਖ਼ਰੀਦਦਾਰਾਂ ਨੇ ਕਿਹਾ ਕਿ ਕੇਜਰੀਵਾਲ ਨੇ ਕ੍ਰਮਵਾਰ 1.53 ਕਰੋੜ ਰੁਪਏ, 1.87 ਕਰੋੜ ਰੁਪਏ ਅਤੇ 1.14 ਕਰੋੜ ਰੁਪਏ ਦੀ ਬਾਜ਼ਾਰ ਦਰ ਉਤੇ ਪਲਾਟ ਵੇਚੇ ਤੇ 8,300 ਰੁਪਏ ਦੀ ਦਰ ਨਾਲ ਜ਼ਿਆਦਾ ਦੀ ਰਾਸ਼ੀ ਹਾਸਲ ਕੀਤੀ। -PTC News