BJP ਦੇ ਬੁਲਾਰੇ RP ਸਿੰਘ ਦੇ ਬਿਆਨ ਨੂੰ ਲੈ ਕੇ ਕਮਲਦੀਪ ਕੌਰ ਰਾਜੋਆਣਾ ਨੇ FB 'ਤੇ ਪੋਸਟ ਪਾ ਕੇ ਚੁੱਕੇ ਸਵਾਲ
ਚੰਡੀਗੜ੍ਹ: ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਪਾ ਕੇ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਦੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜੋ ਬਿਆਨ ਦਿੱਤਾ ਸੀ ਉਸ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਕਮਲਦੀਪ ਕੌਰ ਨੇ ਪੋਸਟ ਵਿੱਚ ਲਿਖਿਆ ਹੈ ਕਿ ਸਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਖਾਲਸਾ ਜੀ, ਅੱਜ ਬੀਜੇਪੀ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜੋ ਬਿਆਨ ਦਿੱਤਾ ਹੈ ਕਿ ਦੇਸ਼ ਵਿੱਚ ਉਮਰ ਕੈਦ ਦੀ ਸਜ਼ਾ ਵਾਲੇ ਵਿਅਕਤੀ ਨੂੰ 14 ਸਾਲਾਂ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੋਂ ਸਮਾਜ ਨੂੰ ਕੋਈ ਖ਼ਤਰਾ ਨਹੀਂ ਹੈ। ਕਮਲਦੀਪ ਕੌਰ ਦਾ ਨੇ ਲਿਖਿਆ ਹੈ ਕਿ ਆਰਪੀ ਸਿੰਘ ਵੱਲੋਂ ਦਿੱਤਾ ਹੋਇਆ ਇਹ ਬਿਆਨ ਬਿਲਕੁਲ ਗੁੰਮਰਾਹਕੁੰਨ ਅਤੇ ਝੂਠ ਹੈ। ਕਮਲਦੀਪ ਕੌਰ ਨੇ ਅੱਗੇ ਲਿਖਿਆ ਹੈ ਕਿ ਅਸੀਂ ਨੈਸ਼ਨਲ ਪਾਰਟੀ ਦੇ ਕੌਮੀ ਬੁਲਾਰੇ ਤੋਂ ਇਸ ਤਰ੍ਹਾਂ ਦੇ ਝੂਠ ਦੀ ਆਸ ਨਹੀਂ ਕਰਦੇ। 11 ਅਕਤੂਬਰ ਨੂੰ ਹੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੁਪਰੀਮ ਕੋਰਟ ਵਿੱਚ ਵੀਰ ਜੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨਾਲ ਸਬੰਧਿਤ ਕੇਸ ਦੇ ਵਿੱਚ ਇਹ ਹਲਫ਼ਨਾਮਾ ਦਿੱਤਾ ਗਿਆ ਹੈ ਕਿ ਜੇਕਰ ਅਸੀਂ ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨਾਲ ਸਬੰਧਿਤ ਅਪੀਲ ਉੱਤੇ (ਜਿਹੜੀ ਕਿ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪਿਛਲੇ 11 ਸਾਲਾਂ ਤੋਂ ਵਿਚਾਰ ਅਧੀਨ ਹੈ ) ਉੱਤੇ ਫੈਸਲਾ ਕਰਦੇ ਹਾਂ ਤਾਂ ਇਸ ਨਾਲ ਦੇਸ਼ ਦੀ ਅਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਹੈ। ਕਮਲਦੀਪ ਕੌਰ ਨੇ ਪੋਸਟ ਵਿੱਚ ਲਿਖਿਆ ਹੈ ਕਿ ਰਜੋਆਣਾ ਵੀਰ ਪਿਛਲੇ 27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ 15 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੰਦ ਆਪਣੇ ਕੇਸ ਦੇ ਆਖਰੀ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਅਸੀਂ ਆਰਪੀ ਸਿੰਘ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸੱਤ ਬੰਦੀ ਸਿੰਘਾਂ ਦੀ ਰਿਹਾਈ ਸੂਬਾ ਸਰਕਾਰਾਂ ਨੇ ਨਹੀਂ, ਸਗੋਂ ਕੇਂਦਰ ਸਰਕਾਰ ਨੇ ਕਰਨੀ ਹੈ। ਇਸ ਲਈ ਸਾਡੀ ਇਹ ਬੇਨਤੀ ਹੈ ਕਿ ਅਜਿਹੇ ਗੁੰਮਰਾਹਕੁੰਨ ਅਤੇ ਝੂਠੇ ਬਿਆਨ ਦੇਣ ਦੀ ਬਜਾਏ ਆਰਪੀ ਸਿੰਘ ਜੋ ਕਿ ਇੱਕ ਸਿੱਖ ਵੀ ਹਨ, ਕੇਂਦਰ ਸਰਕਾਰ ਤੋਂ ਵੀਰ ਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਸਬੰਧਿਤ ਅਪੀਲ ਤੇ ਫੈਸਲਾ ਕਰਵਾਉਣਾ ਚਾਹੀਦਾ ਹੈ ਅਤੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣੀ ਚਾਹੀਦੀ ਹੈ। ਆਰਪੀ ਸਿੰਘ ਨੂੰ ਬਿਲਕਿਸ ਬਾਨੋ ਵਰਗੇ ਘਿਨੌਣੇ ਕੇਸ ਵਿੱਚ ਕੇਂਦਰ ਸਰਕਾਰ ਵੱਲੋਂ ਛੱਡੇ ਦੋਸ਼ੀਆਂ ਦੀ ਰਿਹਾਈ ਦਾ ਅਤੇ ਬਲਾਤਕਾਰ ਅਤੇ ਕਤਲ ਵਰਗੇ ਕੇਸਾਂ ਵਿੱਚ ਸਜਾ ਕੱਟ ਰਹੇ ਡੇਰਾ ਮੁਖੀ ਨੂੰ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਸਾਲ ਵਿੱਚ ਦਿੱਤੀ ਗਈ ਤੀਜੀ ਪੈਰੋਲ ਦਾ ਵਿਰੋਧ ਕਰਨਾ ਚਾਹੀਦਾ ਹੈ। ਕਮਲਦੀਪ ਕੌਰ ਨੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਜਲਦ ਫੈਸਲਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਤੋਂ ਸਾਡੇ ਸਮਾਜ ਨੂੰ ਕੋਈ ਖਤਰਾ ਨਹੀ ਹੈ। ਇਹ ਵੀ ਪੜ੍ਹੋ:ਮਨੀਸ਼ ਸਿਸੋਦੀਆ ਤੋਂ ਮੁੜ ਹੋਵੇਗੀ ਪੁੱਛਗਿੱਛ, CBI ਨੇ ਭੇਜਿਆ ਸੰਮਨ