ਕੱਕਾਰ ਮਾਮਲਾ: ਦਿੱਲੀ ਹਾਈਕੋਰਟ ਨੇ ਸਿੱਖ ਕੁੜੀ ਦੇ ਕਕਾਰਾਂ ਦੇ ਹੱਕ 'ਚ ਸੁਣਾਇਆ ਫੈਸਲਾ
ਨਵੀਂ ਦਿੱਲੀ, 11 ਜੁਲਾਈ: ਸਾਲ 2021 ਵਿੱਚ ਵਿਵੇਕ ਵਿਹਾਰ ਵਿੱਚ ਅਧਿਆਪਕਾਂ ਦੀ ਭਰਤੀ ਲਈ ਦਿੱਲੀ ਸਰਕਾਰ ਦੁਆਰਾ ਇੱਕ ਪ੍ਰੀਖਿਆ ਰੱਖੀ ਗਈ ਸੀ। ਜਿਸ ਵਿੱਚ ਇੱਕ ਸਿੱਖ ਵਿਦਿਆਰਥਣ ਮਾਨ ਹਰਲੀਨ ਕੌਰ ਨੂੰ ਕੱਕਾਰ ਪਹਿਨਣ ਕਾਰਨ ਇਸ ਪ੍ਰੀਖਿਆ ਵਿੱਚ ਨਹੀਂ ਬੈਠਣ ਦਿੱਤਾ ਗਿਆ। ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ। ਜਿਸ 'ਤੇ ਸੁਣਵਾਈ ਕਰਦਿਆਂ ਅੱਜ ਹਾਈਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਦਿੱਲੀ ਕਮੇਟੀ ਦੇ ਹੱਕ 'ਚ ਫ਼ੈਸਲਾ ਸੁਣਾਇਆ | ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ਵਿੱਚ ਦਿੱਲੀ ਸਬੋਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਨੂੰ ਮਾਨ ਹਰਲੀਨ ਕੌਰ ਦੀ ਪ੍ਰੀਖਿਆ ਦੁਬਾਰਾ ਲੈਣ ਦਾ ਫੈਸਲਾ ਦਿੱਤਾ ਹੈ ਅਤੇ ਬੋਰਡ ਵੱਲੋਂ ਕੀਤੇ ਇਸ ਕੰਮ ਨੂੰ ਵੀ ਗੈਰ-ਕਾਨੂੰਨੀ ਦੱਸਿਆ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਇਸ ਦਾ ਵਿਰੋਧ ਕੀਤਾ ਅਤੇ ਬੋਰਡ ਦੇ ਖਿਲਾਫ ਧਰਨਾ ਵੀ ਦਿੱਤਾ ਗਿਆ। ਅੱਜ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਿੱਖ ਬੱਚਿਆਂ ਦੀ ਵੱਡੀ ਜਿੱਤ ਹੈ। ਜਿਨ੍ਹਾਂ ਨੂੰ ਪ੍ਰੀਖਿਆ ਦੌਰਾਨ ਕੱਕਾਰ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ। ਡੀਐਸਜੀਐਮਸੀ ਨੇ ਕਿਹਾ ਕਿ ਇਸ ਫੈਸਲੇ ਨਾਲ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਵੱਡੀ ਰਾਹਤ ਮਿਲੇਗੀ, ਉਨ੍ਹਾਂ ਇਸ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਕਪਿਲ ਮਦਾਨ ਅਤੇ ਗੁਰਮੁਖ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਹ ਵੀ ਪੜ੍ਹੋ: CM ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਨੂੰ ਲਿਖਿਆ ਪੱਤਰ, ਚੰਡੀਗੜ੍ਹ 'ਤੇ ਜਤਾਇਆ ਆਪਣਾ ਹੱਕ -PTC News