ਸਕੂਲ ਅੱਗੇ ਆਂਡਿਆਂ ਦੀ ਰੇਹੜੀ ਲਗਾਉਣ ਦਾ ਵਿਰੋਧ ਕਰਨ 'ਤੇ ਪੱਤਰਕਾਰ ਉਪਰ ਹਮਲਾ
ਹੁਸ਼ਿਆਰਪੁਰ : ਦਸੂਹਾ ਦੇ ਕਸਬਾ ਘੋਗਰਾ 'ਚ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਆਂਡੇ ਦੀ ਰੇਹੜੀ ਲਗਾਉਣ ਉਤੇ ਖ਼ਬਰ ਲਗਾਉਣ ਕਰਨ 'ਤੇ ਇਕ ਅਖਬਾਰ ਦੇ ਪੱਤਰਕਾਰ ਉਤੇ ਜਾਨਲੇਵਾ ਹਮਲਾ ਹੋਣ ਦਾ ਸਮਾਚਾਰ ਹੈ। ਹਮਲੇ 'ਚ ਪੱਤਰਕਾਰ ਗੰਭੀਰ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਸਲਾਰੀਆ ਵਾਸੀ ਘੋਗਰਾ ਨੇ ਦੱਸਿਆ ਕਿ ਘੋਗਰਾ ਦੇ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਆਂਡੇ ਤੇ ਮੀਟ ਦੀ ਵਿਕਰੀ ਹੁੰਦੀ ਹੈ ਅਤੇ ਲੋਕਾਂ ਨੂੰ ਸ਼ਰਾਬ ਵੀ ਪਰੋਸੀ ਜਾਂਦੀ ਹੈ ਜਿਸ ਸਬੰਧੀ ਕਈ ਵਾਰ ਘੋਗਰਾ ਦੇ ਵਸਨੀਕ ਉਨ੍ਹਾਂ ਨੂੰ ਸ਼ਿਕਾਇਤ ਕਰਦੇ ਸਨ ਪਰ ਜਦੋਂ ਉਨ੍ਹਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਤਾਂ ਘੋਗਰੇ ਦੇ ਕੁਝ ਸ਼ਰਾਰਤੀ ਲੋਕਾਂ ਨੇ ਉਨ੍ਹਾਂ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਰਵਿੰਦਰ ਸਲਾਰੀਆ ਨੇ ਦੱਸਿਆ ਕਿ ਉਕਤ ਰੇਹੜੀ ਵਾਲਿਆਂ ਖ਼ਿਲਾਫ਼ ਸਕੂਲ ਦੀ ਮੁੱਖ ਅਧਿਆਪਕਾ ਨੇ ਪਿੰਡ ਦੀ ਪੰਚਾਇਤ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਕਿ ਉਕਤ ਰੇਹੜੀ ਵਾਲਿਆਂ ਨੂੰ ਸਕੂਲ ਦੇ ਸਾਹਮਣੇ ਤੋਂ ਹਟਾਇਆ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ ਪਰ ਜਦੋਂ ਇਸ ਸਬੰਧੀ ਅਖਬਾਰ ਵਿਚ ਖ਼ਬਰ ਛਾਪੀ ਗਈ ਤਾਂ ਰਘਵੀਰ ਸਿੰਘ ਬਿੱਟੂ ਪੁੱਤਰ ਘੋਗਰਾ ਵਾਸੀ ਹਰਭਜਨ ਸਿੰਘ ਅਤੇ ਹੈਪੀ ਪੁੱਤਰ ਟਹਿਲ ਸਿੰਘ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਰਵਿੰਦਰ ਦਾ ਕਹਿਣਾ ਹੈ ਕਿ ਰਘੁਵੀਰ ਸਿੰਘ ਪਹਿਲਾਂ ਵੀ ਕਈ ਕੇਸਾਂ ਵਿੱਚ ਸਜ਼ਾ ਕੱਟ ਚੁੱਕਾ ਹੈ, ਜਿਸ ਉਪਰ ਕਤਲ ਤੇ ਹੋਰ ਕਈ ਕੇਸ ਦਰਜ ਹਨ। ਰਵਿੰਦਰ ਨੂੰ ਤੁਰੰਤ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਦਸੂਹਾ ਪ੍ਰੈਸ ਕਲੱਬ ਦਾ ਕਹਿਣਾ ਹੈ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹੈ, ਇਸ ਲਈ ਪੱਤਰਕਾਰ ਉਪਰ ਹਮਲਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਤੁਰੰਤ ਕਾਰਵਾਈ ਨਾ ਕੀਤੀ ਤਾਂ ਸਮੂਹਿਕ ਤੌਰ 'ਤੇ ਸੰਘਰਸ਼ ਵਿੱਢਿਆ ਜਾਵੇਗਾ। ਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਸੂਹਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਪਿਮਸ 'ਚ ਵਿੱਤੀ ਸੰਕਟ ਦਾ ਕਾਰਨ ਬਣੀਆਂ ਖਾਮੀਆਂ ਦੀ ਜਾਂਚ ਦੇ ਹੁਕਮ