ਨੌਜਵਾਨ ਮਾਡਰਨ ਜ਼ਮਾਨੇ ਦੇ ਲਾਇਸੈਂਸੀ ਹਥਿਆਰ ਜ਼ਰੂਰ ਰੱਖਣ : ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ਵ ਭਰ ਦੀ ਸਿੱਖ ਸੰਗਤ ਨੂੰ ਵਧਾਈ ਦਿੱਤੀ ਗਈ ਹੈ ਉਥੇ ਹੀ ਸਿੱਖਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੁਗਲਾਂ ਨਾਲ ਚਾਰ ਜੰਗ ਲੜੀਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕੀਤੀ ਤੇ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਕਿ ਹੁਣ ਲੋੜ ਹੈ ਕਿ ਹਰ ਸਿੱਖ ਜਿਥੋਂ ਅੰਦਰੋਂ ਮਜ਼ਬੂਤ ਹੋਵੇ ਉਥੇ ਹੀ ਨਸ਼ੇ ਛੱਡ ਕੇ ਤੰਦਰੁਸਤ ਹੋ ਕੇ ਸ਼ਸ਼ਤਰਧਾਰੀ ਬਣੇ ਤਾਂ ਜੋ ਉਹ ਆਪਣੀ ਤੇ ਆਪਣੇ ਧਰਮ ਦੀ ਰੱਖਿਆ ਕਰ ਸਕੇ। ਉਨ੍ਹਾਂ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਮਾਡਰਨ ਜਮਾਨੇ ਦੇ ਨਵੇਂ ਲਾਇਸੈਂਸੀ ਹਥਿਆਰ ਜ਼ਰੂਰ ਰੱਖਣ ਤਾਂ ਜੋ ਅੰਦਰੋ ਬਾਹਰੋਂ ਖੁਦ ਨੂੰ ਮਜ਼ਬੂਤ,ਬਲਵਾਨ ਤੇ ਤੰਦਰੁਸਤ ਸਮਝਿਆ ਜਾ ਸਕੇ। ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ। ਇਸ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਆਈਆਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸਮੇਤ ਅਨੇਕਾਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ। ਗੁਰਤਾਗੱਦੀ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅੱਟਲ ਰਾਏ ਸਾਹਿਬ ਵਿਖੇ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸਕ ਵਸਤਾਂ ਦੇ ਪਵਿੱਤਰ ਜਲੌਅ 9 ਵਜੇ ਤੋਂ 12 ਵਜੇ ਤਕ ਸਜਾਏ ਗਏ ਜਿਨ੍ਹਾਂ ਦੇ ਦਰਸ਼ਨ ਲਈ ਸੰਗਤਾਂ ਵਿੱਚ ਹਮੇਸ਼ਾ ਹੀ ਤਾਂਘ ਰਹਿੰਦੀ ਹੈ। ਅੱਜ ਦੇ ਇਸ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਦੇਸ਼-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਕੇ ਲੰਬਾ ਸਮਾਂ ਕਤਾਰਾਂ ਵਿੱਚ ਖੜ੍ਹ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਲੈ ਰਹੀਆਂ ਹਨ। ਅੱਜ ਸ਼ਾਮ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਮੈਡੀਕਲ ਚੈੱਕਅਪ ਕਰਵਾਉਣ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ