ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ 'ਆਪ' 'ਤੇ ਵੱਡਾ ਸ਼ਬਦੀ ਹਮਲਾ
ਹਰਪ੍ਰੀਤ ਸਿੰਘ ਬੰਦੇਸ਼ਾ, (ਖਡੂਰ ਸਾਹਿਬ, 13 ਸਤੰਬਰ): ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਦੀ ਕਹਿਣੀ ਤੇ ਕਰਨੀ 'ਚ ਫਰਕ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਹੇ ਅਤੇ ਕੀਤੇ ਵਿੱਚ ਬਹੁਤ ਅੰਤਰ ਹੈ, ਇੱਕ ਪਾਸੇ ਸਾਰਾਗੜ੍ਹੀ ਦਿਵਸ ਮਨਾਉਂਦੀ ਹੈ ਤੇ ਉਸੇ ਦਿਨ ਪੰਜਾਬ ਸਰਕਾਰ ਨੇ 4,300 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਸਰਕਾਰ ਸਲਾਨਾ 70 ਕਰੋੜ ਰੁਪਏ ਦੀ ਬੱਚਤ ਕਰਨ ਦੀ ਗੱਲ ਕਰ ਰਹੀ ਹੈ ਪਰ ਕੀ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਪੈਸਾ ਬਚਾਉਣਾ ਜਾਇਜ਼ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਇਸ ਤੁਗਲਕੀ ਫ਼ਰਮਾਨ ਨੂੰ ਤੁਰੰਤ ਵਾਪਸ ਲਿਆ ਜਾਵੇ ਨਹੀਂ ਤਾਂ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ 'ਆਪ' ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਕੋਈ ਚੇਅਰਮੈਨ ਨਹੀਂ ਲਗਾਵਾਂਗੇ ਪਰ ਹੁਣ ਉਨ੍ਹਾਂ ਨੇ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨ ਲਗਾ ਦਿੱਤਾ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿਚ ਫਰਕ ਹੈ। ਡਿੰਪਾ ਨੇ ਕਿਹਾ ਕਿ 'ਆਪ' ਗੁਜਰਾਤ ਜਾ ਕੇ ਡਰਾਮਾ ਕਰਦੇ ਹਨ ਕਿ ਸੁਰੱਖਿਆ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਬੋਝ ਇੱਥੇ ਪੰਜਾਬ ਦੇ ਲੋਕਾਂ 'ਤੇ ਪਾਇਆ ਜਾ ਰਿਹਾ ਹੈ। ਡਿੰਪਾ ਨੇ ਗੁਜਰਾਤ ਅਤੇ ਹਿਮਾਚਲ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ 'ਆਪ' ਦੀਆਂ ਗੱਲਾਂ 'ਚ ਨਾ ਆਉਣ, ਕਾਂਗਰਸ ਨੇਤਾ ਨੇ ਕਿਹਾ ਕਿ ਭਾਜਪਾ ਅਤੇ ਭਾਜਪਾ ਇੱਕੋ ਥਾਲੀ ਦੇ ਚੱਟੇ-ਬੱਟੇ ਹਨ। ਐਸ.ਵਾਈ.ਐਲ 'ਤੇ ਬੋਲਦਿਆਂ ਡਿੰਪਾ ਨੇ ਕਿਹਾ ਕਿ ਇਹ ਲੋਕ ਕੋਈ ਕੰਮ ਨਹੀਂ ਕਰਦੇ, ਇਨ੍ਹਾਂ ਦਾ ਐਸ.ਵਾਈ.ਐਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਰਕਾਰ ਇਸ ਮਾਮਲੇ ਵਿੱਚ ਕੋਈ ਲਾਬਿੰਗ ਨਹੀਂ ਕਰ ਰਹੀ, ਜਿਸ ਦੀ ਮਿਸਾਲ ਸੁਪਰੀਮ ਕੋਰਟ ਦੀ ਟਿੱਪਣੀ ਹੈ। ਜੇਕਰ ਪੰਜਾਬ 'ਚ ਕੁਝ ਹੁੰਦਾ ਹੈ ਤਾਂ ਇਸਦੀ ਜਿੰਮੇਵਾਰ ਆਮ ਆਦਮੀ ਪਾਰਟੀ ਹੋਵੇਗੀ। ਪੰਜਾਬ ਪਹਿਲਾਂ ਹੀ ਪਾਣੀ ਨੂੰ ਲੈ ਕੇ ਅੱਗ ਦੀ ਲਪੇਟ 'ਚ ਹੈ ਅਤੇ ਜੇਕਰ ਭਵਿੱਖ 'ਚ ਕੁਝ ਹੋਇਆ ਤਾਂ ਇਸ ਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ। ਇਹ ਵੀ ਪੜ੍ਹੋ: ਸਰਕਾਰੀ ਇਸ਼ਤਿਹਾਰਾਂ 'ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਥਾਂ ਲਾਈ ਇਸ ਇੰਫੈਨਟਰੀ ਦੇ ਜਵਾਨਾਂ ਦੀ ਤਸਵੀਰ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੈਡੀਕਲ ਡਰੱਗ ਮਾਫੀਆ ਅਤੇ ਗੈਂਗਸਟਰ ਸਭ ਮਿਲ ਗਏ ਹਨ, ਪਹਿਲਾਂ ਹਥਿਆਰ ਪਾਕਿਸਤਾਨ ਤੋਂ ਆਉਂਦੇ ਸਨ ਪਰ ਹੁਣ ਯੂਪੀ ਅਤੇ ਮੱਧ ਪ੍ਰਦੇਸ਼ ਤੋਂ ਆ ਰਹੇ ਹਨ। ਇਸ ਦੇ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕੰਮ ਕਰਨਾ ਹੋਵੇਗਾ ਤਾਂ ਜੋ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਬਹਾਲ ਕੀਤਾ ਜਾ ਸਕੇ। ਕਾਂਗਰਸੀ ਆਗੂ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਸਿਰਫ਼ ਉਥੋਂ ਹੀ ਚੋਣਾਂ ਲੜੇਗੀ ਜਿੱਥੋਂ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ। -PTC News