ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਜਾਰੀ, 3 ਜਵਾਨ ਤੇ ਇਕ ਨਾਗਰਿਕ ਜ਼ਖ਼ਮੀ
Encounter in Anantnag: ਜੰਮੂ-ਕਸ਼ਮੀਰ ਦੇ ਅਨੰਤਨਾਗ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਸੂਬੇ ਦੇ ਅਨੰਤਨਾਗ 'ਚ ਚੱਲ ਰਹੇ ਮੁਕਾਬਲੇ 'ਚ ਜਵਾਨਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਮਾਰਿਆ ਗਿਆ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਸੀ। ਇਸ ਦੇ ਨਾਲ ਹੀ ਕੱਲ੍ਹ ਤੋਂ ਚੱਲ ਰਹੇ ਇਸ ਮੁਕਾਬਲੇ ਵਿੱਚ ਫੌਜ ਦੇ ਤਿੰਨ ਜਵਾਨ ਵੀ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਇੱਕ ਸਥਾਨਕ ਨਾਗਰਿਕ ਵੀ ਜ਼ਖਮੀ ਹੋ ਗਿਆ ਹੈ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਇਸ ਦੌਰਾਨ ਅੱਤਵਾਦੀਆਂ ਵਲੋਂ ਗੋਲੀਬਾਰੀ ਕੀਤੀ ਗਈ। ਜਵਾਬੀ ਕਾਰਵਾਈ 'ਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ। ਇਲਾਕੇ 'ਚ ਸੁਰੱਖਿਆ ਬਲਾਂ ਦਾ ਸਰਚ ਆਪਰੇਸ਼ਨ ਜਾਰੀ ਹੈ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਥੇ ਕੁਝ ਹੋਰ ਅੱਤਵਾਦੀ ਲੁਕੇ ਹੋ ਸਕਦੇ ਹਨ। ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਮੁਕਾਬਲੇ 'ਚ ਫ਼ੌਜ ਦੇ 3 ਜਵਾਨ ਅਤੇ 1 ਨਾਗਰਿਕ ਜ਼ਖ਼ਮੀ ਹੋ ਗਿਆ। ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸ਼੍ਰੀਨਗਰ ਦੇ 92 ਬੇਸ ਹਸਪਤਾਲ 'ਚ ਭੇਜ ਦਿੱਤਾ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦਾ ਅੱਤਵਾਦੀ ਕਮਾਂਡਰ ਐਚ.ਐਮ.ਨਿਸਾਰ ਖੰਡੇ ਮਾਰਿਆ ਗਿਆ ਹੈ, ਜਿਸ ਕੋਲੋਂ ਅਪਰਾਧਕ ਸਮੱਗਰੀ, ਹਥਿਆਰ ਅਤੇ ਗੋਲਾ ਬਾਰੂਦ 01 ਏਕੇ 47 ਰਾਈਫ਼ਲ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੱਲ੍ਹ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਅੱਤਵਾਦੀਆਂ ਦੇ ਗ੍ਰਨੇਡ ਹਮਲੇ 'ਚ ਦੋ ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ ਸਨ। ਇਹ ਵੀ ਪੜ੍ਹੋ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਇਕਜੁੱਟ ਹੋਣ ਦੀ ਅਪੀਲ ਦੂਜੇ ਪਾਸੇ ਕਸ਼ਮੀਰ 'ਚ ਲਗਾਤਾਰ ਹੋ ਰਹੀਆਂ ਟਾਰਗੇਟ ਕਿਲਿੰਗਾਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ 'ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਬੈਠਕ ਕੀਤੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਫੌਜ ਮੁਖੀ ਮਨੋਜ ਪਾਂਡੇ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਮੀਟਿੰਗ ਵਿੱਚ ਸ਼ਾਮਲ ਪ੍ਰਮੁੱਖ ਲੋਕਾਂ ਵਿੱਚ ਸ਼ਾਮਲ ਸਨ। -PTC News