ਇਸਲਾਮ ਤਾਂ ਕੁੜੀਆਂ ਨੂੰ ਹਿਜਾਬ ਪਹਿਨਣ ਲਈ ਕਹਿੰਦਾ ਹੈ ਪਰ ਕਰਨਾਟਕ ਸਰਕਾਰ ਮੰਨਣ ਨੂੰ ਤਿਆਰ ਨਹੀਂ: ਜ਼ਾਹਿਦਾ ਸੁਲੇਮਾਨ
ਚੰਡੀਗੜ੍ਹ: ਕਰਨਾਟਕ ਦੀ ਹਾਈ ਕੋਰਟ ਨੇ ਮੁਸਲਿਮ ਕੁੜੀਆਂ ਦੀ ਹਿਜਾਬ ਬਾਰੇ ਦਾਖ਼ਲ ਕੀਤੀ ਗਈ ਪਟੀਸ਼ਨ ਨੂੰ ਇਹ ਕਹਿੰਦਿਆਂ ਰੱਦ ਕਰ ਦਿਤਾ ਕਿ ਇਸਲਾਮ ਵਿਚ ਹਿਜਾਬ ਜ਼ਰੂਰੀ ਨਹੀਂ। ਕੁੜੀਆਂ ਸਕੂਲਾਂ ਵਿਚ ਸਕੂਲੀ ਵਰਦੀ ਦੇ ਨਾਲ-ਨਾਲ ਹਿਜਾਬ ਪਹਿਨ ਕੇ ਜਾਂਦੀਆਂ ਸਨ। ਮੈਂ ਭਾਰਤੀ ਸੰਵਿਧਾਨ ਅਤੇ ਅਪਣੇ ਧਰਮ ਇਸਲਾਮ ਨੂੰ ਕਾਫ਼ੀ ਗਹਿਰਾਈ ਨਾਲ ਅਧਿਐਨ ਕੀਤਾ ਹੈ। ਉਸ ਦੇ ਆਧਾਰ ਤੇ ਮੈਂ ਆਖ ਸਕਦੀ ਹਾਂ ਕਿ ਇਸਲਾਮ ਵਿਚ ਔਰਤਾਂ ਲਈ ਹਿਜਾਬ ਵੀ ਅਤਿ ਜ਼ਰੂਰੀ ਹੈ ਅਤੇ ਭਾਰਤੀ ਸੰਵਿਧਾਨ ਵੀ ਪਸੰਦ ਦੇ ਕਪੜੇ ਪਹਿਨਣ ਦੀ ਇਜਾਜਤ ਦਿੰਦਾ ਹੈ। ਫਿਰ ਇਹ ਫ਼ੈਸਲਾ ਕਿਸ ਬੁਨਿਆਦ ਤੇ ਆਇਆ ਹੈ? ਕੁੱਝ ਵੀ ਸਮਝ ਨਹੀਂ ਆ ਰਿਹਾ ਪਰ ਇਸ ਫ਼ੈਸਲੇ ਪਿਛਲੀ ਰਾਜਨੀਤੀ ਜ਼ਰੂਰ ਸਮਝ ਆਉਂਦੀ ਹੈ। ਮੇਰੇ ਕੁੱਝ ਸਵਾਲ ਹਨ:-
1. ਦੇਸ਼ ਦੇ ਹਰ ਨਾਗਰਿਕ ਦਾ ਸੰਵਿਧਾਨ ਨੂੰ ਮੰਨਣਾ ਫ਼ਰਜ਼ ਹੈ। ਧਰਮ ਉਸ ਦਾ ਬਾਅਦ ਦਾ ਮਸਲਾ ਹੈ। ਨਾ ਹੀ ਸਰਕਾਰਾਂ ਕਦੇ ਧਾਰਮਕ ਮਸਲਿਆਂ ਨੂੰ ਇਸ ਗੰਭੀਰਤਾ ਨਾਲ ਲੈਂਦੀਆਂ ਹਨ ਜਿੰਨੀ ਗੰਭੀਰਤਾ ਨਾਲ ਬੀਜੇਪੀ ਇਸਲਾਮ ਦੀ ਵਿਆਖਿਆ ਕਰਨ ਨੂੰ ਲੈ ਅਭਿਆਨ ਚਲਾ ਰਹੀ ਹੈ। ਇਹ ਕੰਮ ਤਾਂ ਉਨ੍ਹਾਂ ਲੋਕਾਂ ਦਾ ਹੈ ਜਿਹੜੇ ਧਾਰਮਕ ਮਾਮਲਿਆਂ ਦੇ ਮਾਹਰ ਹਨ। ਸਰਕਾਰ ਚਾਹੁੰਦੀ ਤਾਂ ਕਰਨਾਟਕ ਦੇ ਮੁਫ਼ਤੀਆਂ ਤੋਂ ਹਿਜਾਬ ਬਾਰੇ ਹਕੀਕਤ ਪੁੱਛ ਲੈਂਦੀ ਪਰ ਬੀਜੇਪੀ ਤਾਂ ਖ਼ੁਦ ਹੀ ਫ਼ੈਸਲਾ ਕਰ ਬੈਠੀ ਕਿ ਹਿਜਾਬ ਜ਼ਰੂਰੀ ਨਹੀਂ।
2. ਮੈਂ ਹਿਜਾਬ ਨੂੰ ਇਸਲਾਮ ਨਾਲ ਹੀ ਜੋੜ ਕੇ ਨਹੀਂ ਵੇਖਣਾ ਚਾਹੁੰਦੀ। ਜੇ ਇਸਲਾਮ ਨੂੰ ਵਿਚੋਂ ਹਟਾ ਦਿਤਾ ਜਾਵੇ ਤਾਂ ਬੀਜੇਪੀ ਖੁੱਲ੍ਹੇ ਰੂਪ ਵਿਚ ਔਰਤਾਂ ਦੇ ਅਧਿਕਾਰਾਂ ਉਪਰ ਅੰਕੁਸ਼ ਲਗਾ ਰਹੀ ਹੈ। ਜੇ ਕੋਈ ਲੜਕੀ ਅਪਣਾ ਜਿਸਮ ਢਕ ਕੇ ਰੱਖਣਾ ਚਾਹੁੰਦੀ ਹੈ ਤਾਂ ਸਰਕਾਰ ਤੇ ਕਾਨੂੰਨ ਨੂੰ ਕੀ ਤਕਲੀਫ਼ ਹੋ ਰਹੀ ਹੈ? ਜਦਕਿ ਬੀਜੇਪੀ ਦੇ ਨੇਤਾ ਅਕਸਰ ਬਿਆਨ ਦਿੰਦੇ ਰਹਿੰਦੇ ਹਨ ਕਿ ਦੇਸ਼ ਵਿਚ ਬਲਾਤਕਾਰ ਕੁੜੀਆਂ ਦੇ ਅਧਨੰਗੇ ਕਪੜੇ ਪਹਿਨਣ ਕਾਰਨ ਹੁੰਦੇ ਹਨ। ਜੇ ਇਕ ਮਨੁੱਖ ਨੰਗਾ ਘੁੰਮ ਸਕਦਾ ਹੈ ਤਾਂ ਦੂਜੇ ਮਨੁੱਖ ਨੂੰ ਸਮੁੱਚਾ ਜਿਸਮ ਢਕ ਕੇ ਚੱਲਣ ਦਾ ਵੀ ਅਧਿਕਾਰ ਹੋਣਾ ਚਾਹੀਦਾ ਹੈ। ਬਲਕਿ ਇਹ ਅਧਿਕਾਰ ਤਾਂ ਨੰਗੇ ਮਨੁੱਖ ਨਾਲੋਂ ਜਿ਼ਆਦਾ ਪਾਕ ਤੇ ਪਵਿੱਤਰ ਮੰਨਿਆ ਜਾਣਾ ਚਾਹੀਦਾ ਹੈ। ਸਰਕਾਰ ਨੂੰ ਅਜਿਹੇ ਲੋਕਾਂ ਦੀ ਤਾਂ ਖ਼ੁਦ ਅੱਗੇ ਹੋ ਕੇ ਮਦਦ ਕਰਨੀ ਚਾਹੀਦੀ ਹੈ ਜਿਹੜੇ ਅਸ਼ਲੀਲਤਾ ਫੈਲਾਉਣ ਦੀ ਬਜਾਏ ਭਾਰਤੀ ਸੰਸਕ੍ਰਿਤੀ ਦੀ ਲਾਜ ਰੱਖਦੇ ਹਨ। ਬੀਜੇਪੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਭਾਰਤੀ ਦੀ ਸੰਸਕ੍ਰਿਤੀ ਨੰਗਾ ਘੁੰਮਣ ਦੀ ਹੈ ਜਾਂ ਫਿਰ ਤਨ ਢਕ ਕੇ ਚਲਣ ਦੀ?
3. ਬੀਜੇਪੀ ਨਾਗੇ ਸਾਧੂਆਂ ਨੂੰ ਵਸਤਰ-ਮੁਕਤ ਯਾਨੀ ਅਲਫ਼ ਨੰਗਾ ਘੁੰਮਣ ਦੀ ਇਜਾਜ਼ਤ ਤਾਂ ਦਿੰਦੀ ਹੈ ਕਿਉਂਕਿ ਕਦੇ ਵੀ ਬੀਜੇਪੀ ਨੇ ਨਾਗੇ ਸਾਧੂਆਂ ਉਪਰ ਪਾਬੰਦੀ ਨਹੀਂ ਲਗਾਈ ਪਰ ਔਰਤਾਂ ਨੂੰ ਬਦਨ ਢਕਣ ਤੋਂ ਰੋਕ ਰਹੀ ਹੈ। ਆਖਿ਼ਰ ਇਹ ਕਿਹੜੀ ਸੰਸਕ੍ਰਿਤੀ ਦੀ ਵੰਨਗੀ ਹੈ? ਮੇਰੇ ਖਿ਼ਆਲ ਵਿਚ ਇਹ ਤਾਂ ਪਛਮੀ ਸਭਿਆਚਾਰ ਦਾ ਅੰਗ ਹੈ ਜਿਸ ਨੂੰ ਭਾਰਤੀ ਸੰਸਕ੍ਰਿਤੀ ਦਾ ਕਾਤਲ ਮੰਨਿਆ ਜਾਂਦਾ ਹੈ। ਯਾਨੀ ਬੀਜੇਪੀ ਕਾਤਲ ਸੰਸਕ੍ਰਿਤੀ ਨੂੰ ਮਜ਼ਲੂਮ ਸੰਸਕ੍ਰਿਤੀ ਉਪਰ ਥੋਪ ਰਹੀ ਹੈ। ਇਹ ਤਾਂ ਉਹ ਗੱਲ ਹੋ ਗਈ ਜਿਵੇਂ ਗਾਂਧੀ ਦੇ ਕਾਤਲ ਨੂੰ ਹੀਰੋ ਮੰਨ ਲੈਣਾ।
4. ਮੈਂ ਮਹਿਸੂਸ ਕਰਦੀ ਹਾਂ ਕਿ ਭਾਰਤ ਵਿਚ ਸਿਰਫ਼ ਮੁਸਲਿਮ ਅਤੇ ਸਿੱਖ ਜਗਤ ਦੇ ਲੋਕ ਹੀ ਅਪਣੀ ਸੰਸਕ੍ਰਿਤੀ ਨੂੰ ਬਚਾਏ ਹੋਏ ਹਨ। ਮੁਸਲਿਮ ਕੁੜੀਆਂ ਹਿਜਾਬ ਪਹਿਨਦੀਆਂ ਹਨ ਜਦਕਿ ਸਿੱਖ ਕੁੜੀਆਂ ਕੇਸਕੀ ਨੂੰ ਅਹਿਮੀਅਤ ਦਿੰਦੀਆਂ ਹਨ। ਦੂਜੇ ਪਾਸੇ ਅਖੌਤੀ ਬੀਜੇਪੀ ਦੇ ਲੋਕਾਂ ਅੰਦਰ ਅਜਿਹੀ ਕੋਈ ਸੰਸਕ੍ਰਿਤੀ ਬਚੀ ਹੀ ਨਹੀਂ। ਵਰਨਾ ਕਿਹੜਾ ਅਜਿਹਾ ਬਾਪ, ਭਰਾ ਜਾਂ ਪਤੀ ਹੋਵੇਗਾ ਜਿਹੜਾ ਅਪਣੀਆਂ ਕੁੜੀਆਂ ਨੂੰ ਬਦਨ ਢਕਣ ਤੋਂ ਰੋਕਦਾ ਹੋਵੇਗਾ? ਬੀਜੇਪੀ ਦੀ ਅਪਣੀ ਸੰਸਕ੍ਰਿਤੀ ਤਾਂ ਖ਼ਰਾਬ ਹੋ ਚੁੱਕੀ ਹੈ, ਇਸ ਲਈ ਇਹ ਚਾਹੁੰਦੀ ਹੈ ਕਿ ਉਹ ਲੋਕ ਜਿਹੜੇ ਅਪਣੀ ਤਹਿਜ਼ੀਬ ਨੂੰ ਸੰਭਾਲੀ ਬੈਠੇ ਹਨ, ਉਨ੍ਹਾਂ ਨੂੰ ਵੀ ਢਹਿ-ਢੇਰੀ ਕਰ ਦਿਤਾ ਜਾਵੇ।
5. ਭਾਰਤੀ ਸੰਵਿਧਾਨ ਵਿਚ ਦਰਜ ਅਨੁਛੇਦ 19 ਤੋਂ 21 ਵਿਚ ਮਨੁੱਖ ਦੀ ਨਿਜੀ ਆਜ਼ਾਦੀ ਦੀ ਗੱਲ ਕੀਤੀ ਗਈ ਹੈ। ਹੋਰ ਵੀ ਕਈ ਅਜਿਹੇ ਅਨੁਛੇਦ ਹਨ ਜਿਹੜੇ ਸਪੱਸ਼ਟ ਰੂਪ ਵਿਚ ਖਾਣ-ਪਹਿਨਣ ਦੀ ਆਜ਼ਾਦੀ ਦਿੰਦੇ ਹਨ। ਸਿਰਫ਼ ਅਨੁਛੇਦ 19 ਹੀ ਸਪੱਸ਼ਟ ਕਰ ਦਿੰਦਾ ਹੈ ਕਿ ਮਨੁੱਖ ਨੂੰ ਬੋਲਣ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ, ਬਿਨਾਂ ਹਥਿਆਰਾਂ ਤੋਂ ਸ਼ਾਂਤੀਪੂਰਵਕ ਤਰੀਕੇ ਨਾਲ ਕਿਤੇ ਵੀ ਇਕੱਠੇ ਹੋਣ ਦੀ ਆਜ਼ਾਦੀ ਹੈ, ਯੂਨੀਅਨ, ਸੰਗਠਨ ਅਤੇ ਸੋਸਾਇਟੀ ਬਣਾਉਣ ਦੀ ਆਜ਼ਾਦੀ ਹੈ, ਕਿਸੇ ਵੀ ਸਥਾਨ ਉਤੇ ਘੁੰਮਣ ਫਿਰਨ ਦੀ ਆਜ਼ਾਦੀ ਹੈ, ਦੇਸ਼ ਵਿਚ ਅਪਣੀ ਮਨਪਸੰਦ ਦੀ ਜਗ੍ਹਾ ਉਪਰ ਰਿਹਾਇਸ਼ ਬਣਾਉਣ ਦੀ ਆਜ਼ਾਦੀ ਹੈ ਅਤੇ ਅਪਣੀ ਪਸੰਦ ਦਾ ਕੰਮ ਯਾਨੀ ਕਾਰੋਬਾਰ ਕਰਨ ਦੀ ਵੀ ਆਜ਼ਾਦੀ ਹੈ।
6. ਦੂਜੇ ਪਾਸੇ ਕੁਰਾਨ ਵਿਚ ਵੈਸੇ ਤਾਂ 7 ਜਗ੍ਹਾ ਹਿਜਾਬ ਦਾ ਜਿ਼ਕਰ ਹੈ ਪਰ ਇਥੇ ਸਿਰਫ਼ Surah 24:30–31 ਦੀ ਹੀ ਉਦਾਹਰਣ ਲਈ ਜਾ ਸਕਦੀ ਹੈ ਜਿਸ ਵਿਚ ਮਰਦਾਂ ਅਤੇ ਔਰਤਾਂ ਲਈ ਲਿਖਿਆ ਹੈ ਕਿ ਬਾ-ਹਿਆ (ਲਾਜ ਭਰਪੂਰ, ਜੋ ਨਾ ਭੜਕਾਉਣ, ਜਿਸ ਨੂੰ ਪਹਿਨ ਕੇ ਸ਼ਰਮਿੰਦਾ ਨਾ ਹੋਣਾ ਪਵੇ ਜਾਂ ਜਿਸ ਵਿਚੋਂ ਅਸ਼ਲੀਲਤਾ ਨਾ ਝਲਕਦੀ ਹੋਵੇ ਆਦਿ) ਕਪੜੇ ਪਾਏ ਜਾਣ। ਮਰਦ ਰਾਹ ਚਲਦੇ ਸਮੇਂ ਔਰਤਾਂ ਨੂੰ ਨਾ ਤੱਕਣ ਅਤੇ ਅਪਣੀਆਂ ਨਜ਼ਰਾਂ ਨੀਵੀਆਂ ਰੱਖਣ। ਮਰਦ ਅਪਣੇ ਨਿਜੀ ਅੰਗਾਂ ਨੂੰ ਛੁਪਾ ਕੇ ਰੱਖਣ। ਇਸੇ ਤਰ੍ਹਾਂ ਔਰਤਾਂ ਨੂੰ ਆਦੇਸ਼ ਦਿਤੇ ਗਏ ਹਨ ਕਿ ਉਹ ਅਪਣੇ ਜਿਸਮ ਦੀ ਨੁਮਾਇਸ਼ ਤੋਂ ਬਚਣ ਅਤੇ ਅਪਣੇ ਮਰਦ ਨਾਲੋਂ ਵੱਖਰੇ ਅੰਗਾਂ ਨੂੰ ਚੰਗੀ ਤਰ੍ਹਾਂ ਢਕ ਕੇ ਰੱਖਣ। ਗ਼ੈਰ, ਅਨਜਾਣ, ਅਜਨਬੀ ਅਤੇ ਗ਼ੈਰ-ਮਹਿਰਮ ਮਰਦ ਤੋਂ ਖ਼ੁਦ ਨੂੰ ਛੁਪਾ ਕੇ ਰੱਖਣ। ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਮਾਜ ਵਿਚ ਵਿਚਰਨ ਸਮੇਂ ਲੜਕੀਆਂ ਨੂੰ ਅਪਣਾ ਜਿਸਮ ਢੱਕ ਕੇ ਰੱਖਣ ਲਈ ਕਿਹਾ ਗਿਆ ਹੈ।
6. ਬੀਜੇਪੀ ਨੂੰ ਇਧਰ-ਉਧਰ ਦੀਆਂ ਗੱਲਾਂ ਅਤੇ ਦਲੀਲਾਂ ਛੱਡ ਕੇ ਸਪੱਸ਼ਟ ਰੂਪ ਵਿਚ ਇਹ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਉਹ ਮੁਸਲਮਾਨਾਂ ਅਤੇ ਹੋਰ ਘੱਟਗਿਣਤੀਆਂ ਦੀ ਪਛਾਣ ਖ਼ਤਮ ਕਰਨਾ ਚਾਹੁੰਦੀ ਹੈ, ਇਸ ਲਈ ਕਦੇ ਤਿੰਨ ਤਲਾਕ ਅਤੇ ਕਦੇ ਹਿਜਾਬ ਦੇ ਬਿਖੇੜੇ ਖੜੇ ਕਰਨ ਅਤੇ ਭੁਲੇਖਾਪਾਊ ਮੁੱਦੇ ਨਹੀਂ ਛੇੜਨੇ ਚਾਹੀਦੇ। ਅਜਿਹੀਆਂ ਹਰਕਤਾਂ ਨਾਲ ਸਮਝਦਾਰ ਲੋਕਾਂ ਨੂੰ ਦੁੱਖ ਹੋਣ ਦੇ ਨਾਲ-ਨਾਲ ਹਸੀ ਆਉਂਦੀ ਹੈ ਅਤੇ ਗੋਦੀ ਮੀਡੀਆ ਦੀ ਵੀ ਊਰਜਾ ਬਰਬਾਦ ਹੁੰਦੀ ਹੈ। ਬੁੱਧੀਜੀਵੀਆਂ ਨੂੰ ਅਪਣੇ ਹੁਕਮਰਾਨਾਂ ਦੀ ਲਿਆਕਤ ਉਪਰ ਸ਼ਰਮ ਵੀ ਆਉਣ ਲੱਗ ਜਾਂਦੀ ਹੈ।
7. ਇਕ ਸਾਧਾਰਣ ਵਿਅਕਤੀ ਵੀ ਸਮਝ ਸਕਦਾ ਹੈ ਕਿ ਜਦ ਯੋਗੀ ਆਦਿਤਯਨਾਥ ਦੇਸ਼ ਦੀ ਸੰਸਦ ਅਤੇ ਉਤਰ ਪ੍ਰਦੇਸ਼ ਦੀ ਵਿਧਾਨ ਸਭਾ ਵਿਚ ਭਗਵੇਂ ਕੱਪੜੇ ਪਾ ਕੇ, ਅਤੇ ਇਕ ਸਾਧੂ ਦੇ ਆਕਾਰ ਵਿਚ ਜਾ ਸਕਦਾ ਹੈ ਤਾਂ ਇਕ ਲੜਕੀ ਸਕੂਲ ਵਿਚ ਹਿਜਾਬ ਪਾ ਕੇ ਕਿਉਂ ਨਹੀਂ ਜਾ ਸਕਦੀ? ਕੀ ਸਕੂਲ ਸੰਸਦ ਅਤੇ ਵਿਧਾਨ ਸਭਾ ਨਾਲੋਂ ਵੱਡਾ ਹੈ? ਜਿਥੇ ਵਖਰੀ ਪਛਾਣ ਲੈ ਕੇ ਕੋਈ ਦਾਖ਼ਲ ਨਹੀਂ ਹੋ ਸਕਦਾ।
8. ਬੀਜੇਪੀ ਵਾਲੇ ਨਾ ਤਾਂ ਸੰਵਿਧਾਨ ਨੂੰ ਚੰਗੇ ਤਰੀਕੇ ਨਾਲ ਪੜ੍ਹਦੇ ਅਤੇ ਮੰਨਦੇ ਹਨ ਅਤੇ ਨਾ ਹੀ ਉਨ੍ਹਾਂ ਨੇ ਇਸਲਾਮ ਦਾ ਅਧਿਐਨ ਕੀਤਾ ਹੈ। ਇਹ ਉਹ ਲੋਕ ਹਨ ਜਿਹੜੇ ਹਮ ਦੇਖੇਂਗੇ ਅਤੇ ਲਬ ਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ ਵਰਗੀਆਂ ਕੌਮੀ ਦੁਆਵਾਂ ਦਾ ਅਰਥ ਵੀ ਨਹੀਂ ਸਮਝ ਸਕੇ।
ਜ਼ਾਹਿਦਾ ਸੁਲੇਮਾਨ
ਇਹ ਵੀ ਪੜ੍ਹੋ:ਗਨੀਵ ਕੌਰ ਮਜੀਠੀਆ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
-PTC News