IPL 2022: ਮਯੰਕ ਅਗਰਵਾਲ ਹੋਣਗੇ ਪੰਜਾਬ ਕਿੰਗਜ਼ ਦੇ ਅਗਲੇ ਕਪਤਾਨ, ਫਰੈਂਚਾਈਜ਼ੀ ਨੇ ਕੀਤਾ ਐਲਾਨ
IPL 2022: ਆਈਪੀਐਲ 2022 ਲਈ ਪੰਜਾਬ ਕਿੰਗਜ਼ ਨੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੂੰ ਆਪਣਾ ਅਗਲਾ ਕਪਤਾਨ ਨਿਯੁਕਤ ਕੀਤਾ ਹੈ। ਫ੍ਰੈਂਚਾਇਜ਼ੀ ਨੇ ਸੋਮਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਮਯੰਕ ਅਗਰਵਾਲ ਨੂੰ ਆਈਪੀਐਲ ਦੀ ਮੇਗਾ ਨਿਲਾਮੀ ਤੋਂ ਪਹਿਲਾਂ ਫਰੈਂਚਾਇਜ਼ੀ ਨੇ ਬਰਕਰਾਰ ਰੱਖਿਆ ਸੀ। ਮਯੰਕ 2018 ਤੋਂ ਪੰਜਾਬ ਕਿੰਗਜ਼ ਨਾਲ ਜੁੜੇ ਹੋਏ ਹਨ। ਪਿਛਲੇ ਦੋ ਸੈਸ਼ਨਾਂ ਵਿੱਚ ਕੇਐਲ ਰਾਹੁਲ ਨੇ ਟੀਮ ਦੀ ਕਪਤਾਨੀ ਕੀਤੀ ਸੀ ਪਰ ਇਸ ਵਾਰ ਉਹ ਟੀਮ ਦੇ ਨਾਲ ਨਹੀਂ ਹਨ ਅਤੇ ਨਵੀਂ ਟੀਮ ਲਖਨਊ ਸੁਪਰਜਾਇੰਟਸ ਦੀ ਕਪਤਾਨੀ ਕਰਨਗੇ। ਮਯੰਕ ਟੀਮ ਦੇ ਉਪ-ਕਪਤਾਨ ਸਨ ਅਤੇ ਕੁਝ ਮੈਚਾਂ 'ਚ ਰਾਹੁਲ ਦੀ ਗੈਰ-ਮੌਜੂਦਗੀ 'ਚ ਟੀਮ ਦੀ ਕਪਤਾਨੀ ਕੀਤੀ ਹੈ। ਮਯੰਕ ਨੇ ਪਿਛਲੇ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 12 ਮੈਚਾਂ 'ਚ 441 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਦੀ ਔਸਤ 40.09 ਰਹੀ। ਉਸ ਨੇ 140.28 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਕਪਤਾਨ ਬਣਨ ਤੋਂ ਬਾਅਦ ਮਯੰਕ ਨੇ ਕਿਹਾ ਹੈ ਕਿ ਇਹ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਪੰਜਾਬ ਕਿੰਗਜ਼ ਵੱਲੋਂ ਜਾਰੀ ਬਿਆਨ ਵਿੱਚ ਮਯੰਕ ਨੇ ਕਿਹਾ, “ਮੈਂ 2018 ਤੋਂ ਪੰਜਾਬ ਕਿੰਗਜ਼ ਦੇ ਨਾਲ ਹਾਂ ਅਤੇ ਮੈਂ ਇਸ ਸ਼ਾਨਦਾਰ ਟੀਮ ਦੀ ਨੁਮਾਇੰਦਗੀ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ। ਟੀਮ ਦੀ ਕਪਤਾਨੀ ਮਿਲਣ ਤੋਂ ਬਾਅਦ ਮੈਂ ਬਹੁਤ ਖੁਸ਼ ਹਾਂ। ਮੈਂ ਇਸ ਜ਼ਿੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹਾਂ ਪਰ ਇਸ ਦੇ ਨਾਲ ਹੀ ਮੈਂ ਜਾਣਦਾ ਹਾਂ ਕਿ ਪੰਜਾਬ ਕਿੰਗਜ਼ ਵਿਚ ਸਾਡੇ ਵਿਚ ਜੋ ਪ੍ਰਤਿਭਾ ਹੈ, ਉਸ ਨੂੰ ਦੇਖ ਕੇ ਮੇਰਾ ਕੰਮ ਆਸਾਨ ਹੋ ਜਾਵੇਗਾ। ਮੇਰੇ 'ਤੇ ਭਰੋਸਾ ਜਤਾਉਣ ਲਈ ਮੈਂ ਟੀਮ ਪ੍ਰਬੰਧਨ ਦਾ ਧੰਨਵਾਦ ਕਰਦਾ ਹਾਂ। ਮੈਂ ਅਗਲੇ ਸੀਜ਼ਨ ਲਈ ਤਿਆਰ ਹਾਂ।" ਮਯੰਕ ਨੂੰ ਕਪਤਾਨ ਨਿਯੁਕਤ ਕਰਨ ਤੋਂ ਬਾਅਦ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਮਯੰਕ ਦੀ ਤਾਰੀਫ ਕੀਤੀ ਹੈ। ਕੁੰਬਲੇ ਨੇ ਕਿਹਾ. “ਮਯੰਕ 2018 ਤੋਂ ਟੀਮ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਟੀਮ ਦੇ ਲੀਡਰਸ਼ਿਪ ਗਰੁੱਪ ਦਾ ਹਿੱਸਾ ਰਿਹਾ ਹੈ। ਮਯੰਕ ਨਾਲ ਮਿਲ ਕੇ ਅਸੀਂ ਭਵਿੱਖ ਲਈ ਰਾਹ ਪੱਧਰਾ ਕਰਨਾ ਚਾਹੁੰਦੇ ਹਾਂ।'' -PTC News