ਗੁਜਰਾਤ 'ਚੋਂ ਬਰਾਮਦ ਹੈਰੋਇਨ ਦੀ ਖੇਪ ਦੇ ਤਾਰ ਅੰਮ੍ਰਿਤਸਰ ਨਾਲ ਜੁੜੇ, ਅੰਤਰਰਾਜੀ ਸਮੱਗਲਰ ਕਾਬੂ
ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋ ਦਵਾਰਕਾ ਬੰਦਰਗਾਹ ਉਤੇ ਇਕ ਮਛਵਾਰੇ ਵੱਲੋਂ ਭੇਜੀ ਗਈ ਕੁੱਲ 126 ਕਿਲੋ ਹੈਰੋਇਨ ਦੀ ਖੇਪ ਦੇ ਇਕ ਹਿੱਸੇ ਸਮੇਤ ਇਕ ਅੰਤਰਰਾਜੀ ਨਸ਼ਾ ਤਸਕਰ ਗ੍ਰਿਫ਼ਤਾਰ ਕੀਤਾ ਗਿਆ। ਅੰਮ੍ਰਿਤਸਰ ਦਿਹਾਤੀ ਦੇ ਐਸ.ਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਕੋਲੋਂ 2 ਕਿਲੋ ਹੈਰੋਇਨ, 5 ਲੱਖ ਡਰੱਗ ਮਨੀ ਤੇ 2 ਮੋਬਾਈਲ ਫੋਨ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ, ਜਿਸ ਨੂੰ ਸਪੈਸ਼ਲ ਯੂਨਿਟ ਵੱਲੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਇਕ ਸਵਿਫਟ ਕਾਰ ਨੰਬਰੀ ਪੀ.ਬੀ 46-ਏ.ਜੀ-7888 ਵਿਚ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਸੀ। ਉਸ ਕੋਲੋਂ 2 ਕਿਲੋ ਹੈਰੋਇਨ, 5 ਲੱਖ ਡਰੱਗ ਮਨੀ ਤੇ 2 ਮੋਬਾਈਲ ਬਰਾਮਦ ਕੀਤੇ ਗਏ। ਐਸਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਪੁਲਿਸ ਵੱਲੋਂ ਮੁਖ਼ਬਰੀ ਹੋਣ ਉਪਰੰਤ ਕੀਤੀ ਗਈ ਤੇ ਬਰਾਮਦ ਕੀਤੀ ਗਈ 2 ਕਿਲੋ ਹੈਰੋਇਨ 126 ਕਿਲੋ ਹੈਰੋਇਨ ਦੀ ਖੇਪ ਦਾ ਹਿੱਸਾ ਹੈ ਜੋ ਕਿ ਪਾਕਿਸਤਾਨ ਦੇ ਇਕ ਨਸ਼ਾ ਤਸਕਰ ਵੱਲੋਂ ਦਵਾਰਕਾ ਬੰਦਰਗਾਹ ਉਤੇ ਇਕ ਮਛਵਾਰੇ ਨੂੰ ਅੱਗੇ ਸਪਲਾਈ ਕਰਨ ਲਈ ਭੇਜੀ ਗਈ ਸੀ ਜਿਸ ਨੂੰ ਬਾਅਦ ਵਿਚ ਏਟੀਐਸ, ਗੁਜਰਾਤ ਵੱਲੋਂ ਅਹਿਮਦਾਬਾਦ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਨੇ ਖੋਲ੍ਹੀ 'ਆਪ' ਸਰਕਾਰ ਦੇ ਦਾਅਵਿਆਂ ਦੀ ਪੋਲ ਜਾਣਕਾਰੀ ਦਿੰਦੇ ਹੋਏ ਐਸਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਸਐਸਓਸੀ ਅੰਮ੍ਰਿਤਸਰ ਵੱਲੋਂ ਕਈ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਇਸ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਵੱਲੋਂ ਅਗਲੀ ਤਫਤੀਸ਼ ਡੂੰਘਿਆਈ ਨਾਲ ਕੀਤੀ ਜਾ ਰਹੀ ਹੈ। ਇਨ੍ਹਾਂ ਉਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਇਨ੍ਹਾਂ ਦਾ ਚਾਰ ਦਿਨ ਦਾ ਰਿਮਾਂਡ ਮਿਲਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ ਤੇ ਸਮੱਗਲਰਾਂ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। -PTC News