ਇੰਟਰਪੋਲ ਦਾ ਭਾਰਤ ਨੂੰ ਝਟਕਾ, SFJ ਮੁਖੀ ਗੁਰਪਤਵੰਤ ਪਨੂੰ ਵਿਰੁੱਧ 'ਰੈਡ ਕਾਰਨਰ' ਜਾਰੀ ਕਰਨ ਤੋਂ ਇਨਕਾਰ
ਚੰਡੀਗੜ੍ਹ: ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਭਾਰਤੀ ਏਜੰਸੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਇੰਟਰਪੋਲ ਨੇ ਕੈਨੇਡਾ ਸਥਿਤ ਸਿੱਖਸ ਫਾਰ ਜਸਟਿਸ ਦੇ ਬਾਨੀ ਗੁਰਪਤਵੰਤ ਸਿੰਘ ਪੰਨੂ ਖਿਲਾਫ ਅੱਤਵਾਦ ਦੇ ਇਲਜ਼ਾਮਾਂ 'ਤੇ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਭਾਰਤ ਦੀ ਦੂਜੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਮਈ 2021 ਵਿੱਚ ਭਾਰਤ ਵੱਲੋਂ ਪੰਨੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਨਿੱਜੀ ਅਖਬਾਰ ਦੀ ਰਿਪੋਰਟ ਮੁਤਾਬਕ ਇੰਟਰਪੋਲ ਨੇ ਦੱਸਿਆ ਹੈ ਕਿ ਭਾਰਤੀ ਏਜੰਸੀਆਂ ਪੰਨੂ ਖਿਲਾਫ ਪੁਖਤਾ ਸਬੂਤ ਦੇਣ 'ਚ ਅਸਫਲ ਰਹੀਆਂ, ਜਿਸ ਕਾਰਨ ਇਹ ਅਪੀਲ ਰੱਦ ਕਰ ਦਿੱਤੀ ਗਈ। ਇੰਨਾ ਹੀ ਨਹੀਂ, ਜਿਸ UAPA ਤਹਿਤ ਭਾਰਤ ਨੇ ਪੰਨੂ ਖਿਲਾਫ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ, ਉਸ 'ਤੇ ਵੀ ਇੰਟਰਪੋਲ ਨੇ ਸਵਾਲ ਖੜ੍ਹੇ ਕੀਤੇ ਹਨ। ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇੰਟਰਪੋਲ ਵਲੋਂ ਦੱਸਿਆ ਗਿਆ ਹੈ ਕਿ ਭਾਰਤੀ ਏਜੰਸੀਆਂ 'ਤੇ ਯੂ.ਏ.ਪੀ.ਏ. ਦੀ ਦੁਰਵਰਤੋਂ ਦਾ ਇਲਜ਼ਾਮ ਹੈ।