ਪਿੰਡ ਹਰਨਾਮਪੁਰਾ ਨੇੜੇ ਜਾਂਦੀ ਨਹਿਰ 'ਚੋਂ ਬਰਾਮਦ ਹੋਈ ਮਾਸੂਮ ਸਹਿਜਪ੍ਰੀਤ ਦੀ ਦੇਹ
ਲੁਧਿਆਣਾ: ਲੁਧਿਆਣਾ 'ਚ ਪਿਛਲੇ ਦਿਨੀਂ ਲਾਪਤਾ ਹੋਏ 7 ਸਾਲਾ ਸਹਿਜਪ੍ਰੀਤ ਦੀ ਲਾਸ਼ ਅੱਜ ਪਿੰਡ ਹਰਨਾਮਪੁਰਾ ਨੇੜੇ ਜਾਂਦੀ ਨਹਿਰ 'ਚੋਂ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਐਸ.ਐਚ.ਓ. ਮਾਡਲ ਟਾਊਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੱਤ ਸਾਲ ਦੇ ਬੱਚੇ ਸਹਿਜਪ੍ਰੀਤ ਸਿੰਘ ਨੂੰ ਉਸ ਦੇ ਤਾਏ ਸਵਰਨ ਸਿੰਘ ਵਲੋਂ ਹੀ ਅਗਵਾ ਕਰਕੇ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ। ਪੁਲਿਸ ਵਲੋਂ ਤਾਏ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਵਾ ਕੀਤੇ ਬੱਚੇ ਦੀ ਇਸ ਘਟਨਾ ਦਾ ਕਾਰਨ ਪਰਿਵਾਰਿਕ ਰੰਜਿਸ਼ ਦੱਸਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਅਬਦੁਲਾਪੁਰ ਬਸਤੀ ਦੇ ਲਾਲ ਕੁਆਰਟਰ ’ਚ ਰਹਿਣ ਵਾਲਾ ਸਹਿਜਪ੍ਰੀਤ 18 ਅਗਸਤ ਦੀ ਰਾਤ ਕਰੀਬ ਸਾਢੇ 9 ਵਜੇ ਬਿਨਾਂ ਦੱਸੇ ਘਰੋਂ ਨਿਕਲ ਗਿਆ ਸੀ। ਪਰਿਵਾਰ ਵਾਲਿਆਂ ਨੇ ਉਸਦੀ ਕਾਫ਼ੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਪਰਿਵਾਰ ਵਾਲਿਆਂ ਨੇ ਇਸਦੀ ਸ਼ਿਕਾਇਤ ਥਾਣਾ ਮਾਡਲ ਟਾਊਨ ਪੁਲਿਸ ਨੂੰ ਕੀਤੀ। ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ਼ ਕੇਸ ਵੀ ਦਰਜ ਕੀਤਾ ਸੀ।
ਬੱਚੇ ਦਾ ਪਰਿਵਾਰ ਸੜਕਾਂ ਤੇ ਉਤਰਿਆ ਸੀ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਬੱਚਾ ਜਿਹੜਾ ਵੀ ਲੱਭ ਕੇ ਦੇਵੇਗਾ ਉਸ ਨੂੰ ਇਕਵੰਜਾ ਸੌ ਰੁਪਏ ਇਨਾਮ ਦਿੱਤਾ ਜਾਵੇਗਾ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਪਰਿਵਾਰ ਨੇ ਸਵਾਲ ਵੀ ਚੁੱਕੇ ਸੀ। ਅੱਜ ਸਵੇਰੇ ਗਿੱਲ ਨਹਿਰ ਦੇ ਵਿੱਚ ਸੱਤ ਸਾਲਾ ਸਹਿਜਪ੍ਰੀਤ ਸਿੰਘ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਬੱਚੇ ਦੇ ਇਕ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਹੈ।
ਗੌਰਤਲਬ ਹੈ ਕਿ ਪੂਰਾ ਪਰਿਵਾਰ ਅਬਦੁੱਲਾਪੁਰ ਦਾ ਰਹਿਣ ਵਾਲਾ ਹੈ। ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਲਾਸ਼ ਮਿਲ ਗਈ ਹੈ। ਬੱਚੇ ਦੇ ਤਾਏ ਨਾਲ ਕਈ ਥਾਵਾਂ ਦੀ ਫੁਟੇਜ ਸਾਹਮਣੇ ਆਈ ਸੀ। ਮੁੰਡੇ ਦਾ ਤਾਇਆ ਉਸ ਨੂੰ ਸਤਲੁਜ ਦਰਿਆ 'ਤੇ ਲੈ ਗਿਆ। ਇਸ ਦੇ ਨਾਲ ਹੀ ਕੁਝ ਗੁਰਦੁਆਰਾ ਸਾਹਿਬ ਦੇ ਨੇੜੇ ਵੀ ਫੁਟੇਜ ਮਿਲੀ ਹੈ। ਕੁਝ ਦੂਰੀ 'ਤੇ ਬੱਚੇ ਦੀ ਲਾਸ਼ ਨਹਿਰ 'ਚ ਫਸੀ ਹੋਈ ਮਿਲੀ।
ਇਹ ਵੀ ਪੜ੍ਹੋ : ਜਹਾਜ਼ 'ਚ ਐਮਰਜੈਂਸੀ ਗੇਟ ਸਾਹਮਣੇ ਬੈਗ ਰੱਖਣ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ
ਸਹਿਜ ਦੇ ਗੁਆਂਢੀ ਦੱਸਦੇ ਹਨ ਕਿ ਸਹਿਜਪ੍ਰੀਤ ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦਾ ਸੀ। ਛੋਟੀ ਉਮਰ ਵਿੱਚ ਉਹ ਤਬਲਾ ਬਹੁਤ ਵਧੀਆ ਵਜਾਉਂਦਾ ਸੀ। ਸਹਿਜਪ੍ਰੀਤ ਦੇ ਕਰਕੇ ਇਲਾਕੇ ਦੇ ਬੱਚਿਆਂ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਸਹਿਜ ਦੇ ਦੋਸਤ ਅਜੇ ਵੀ ਉਸਦਾ ਰਸਤਾ ਦੇਖ ਰਹੇ ਹਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਪੁੱਛ ਰਹੇ ਹਨ ਕਿ ਸਹਿਜ ਕਦੋਂ ਆਵੇਗਾ। ਇਲਾਕੇ ਦੇ ਲੋਕ ਦੱਸਦੇ ਹਨ ਕਿ ਸਹਿਜ ਨੂੰ ਆਪਣੇ ਤਾਇਆ ਨਾਲ ਬਹੁਤ ਪਿਆਰ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਤਾਇਆ ਕਾਤਲ ਬਣ ਜਾਵੇਗਾ।
-PTC News