ਇੰਡੋਨੇਸ਼ੀਆ: ਜਾਵਾ ਟਾਪੂ 'ਤੇ ਫੁੱਟਿਆ ਸਭ ਤੋਂ ਉੱਚਾ ਜਵਾਲਾਮੁਖੀ, ਹੁਣ ਤੱਕ 13 ਲੋਕਾਂ ਦੀ ਮੌਤ
ਜਕਾਰਤਾ : ਇੰਡੋਨੇਸ਼ੀਆ ਦੇ ਜਾਵਾ ਟਾਪੂ 'ਤੇ ਸੇਮੇਰੂ ਜਵਾਲਾਮੁਖੀ ਫਟਣ ਦੀ ਖਬਰ ਸਾਹਮਣੇ ਆਈ ਹੈ। ਧਮਾਕੇ ਮਗਰੋਂ ਫਸੇ 10 ਲੋਕਾਂ ਨੂੰ ਬਚਾ ਲਿਆ ਗਿਆ ਹੈ। ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ (ਬੀਐਨਪੀਬੀ) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ 'ਚ ਹੁਣ ਤੱਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦਰਜਨਾਂ ਜ਼ਖਮੀ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਜਵਾਲਾਮੁਖੀ ਵਿੱਚੋਂ ਸੁਆਹ ਅਤੇ ਧੂੰਆਂ ਨਿਕਲ ਰਿਹਾ ਸੀ। ਇਸ ਕੁਦਰਤੀ ਆਫ਼ਤ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਵਿੱਚ ਕਈ ਹਸਪਤਾਲ ਦਾਖ਼ਲ ਹਨ। ਸਰਕਾਰ ਦਾ ਕਹਿਣਾ ਹੈ ਕਿ ਜਵਾਲਾਮੁਖੀ ਦੇ ਫਟਣ ਕਾਰਨ ਜ਼ਿਆਦਾਤਰ ਲੋਕ ਸੜ ਗਏ ਹਨ। ਜਵਾਲਾਮੁਖੀ ਤੋਂ ਨਿਕਲਣ ਵਾਲੀ ਸੁਆਹ ਅਤੇ ਧੂੜ ਦੀ ਪਰਤ ਇੰਨੀ ਮੋਟੀ ਹੈ ਕਿ ਜਾਵਾ ਦਾ ਪੂਰਾ ਟਾਪੂ ਦਿਨ ਵਿਚ ਹੀ ਰਾਤ ਵਰਗਾ ਲੱਗ ਰਿਹਾ ਸੀ। ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ ਏਅਰਲਾਈਨਾਂ ਨੇ ਵੀ ਪਾਇਲਟਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜਵਾਲਾਮੁਖੀ ਦੇ ਫੁਟਣ ਤੋਂ ਤੁਰੰਤ ਬਾਅਦ, ਪੂਰਬੀ ਜਾਵਾ ਸੂਬੇ ਦੀ ਆਫ਼ਤ ਪ੍ਰਬੰਧਨ ਏਜੰਸੀ ਨੂੰ ਸਰਗਰਮ ਕਰ ਦਿੱਤਾ ਗਿਆ। ਏਜੰਸੀ ਦੇ ਪ੍ਰਮੁੱਖ ਬੁਡੀ ਸੈਂਟੋਸਾ ਨੇ ਕਿਹਾ ਸੀ ਕਿ ਉਹਨਾਂ ਦੀ ਟੀਮ ਹੁਣ ਜਵਾਲਾਮੁਖੀ ਨੇੜੇ ਖੇਤਰ ਵਿਚ ਨਿਕਾਸੀ ਕਰਨ ਦੀ ਕੋਸ਼ਿਸ਼ ਵਿਚ ਜੁਟੀ ਹੈ। ਸਰਕਾਰ ਨੇ ਧਮਾਕੇ ਕਾਰਨ ਬੇਘਰ ਹੋਏ ਲੋਕਾਂ ਲਈ ਰਿਹਾਇਸ਼ ਅਤੇ ਭੋਜਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੂਰਬੀ ਜਾਵਾ ਸੂਬੇ ਦੇ ਦੋ ਜ਼ਿਲ੍ਹੇ ਇਸ ਘਟਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। -PTC News