ਦੇਸ਼ ਭਰ 'ਚ IndiGo ਦੀਆਂ ਕਈ ਉਡਾਣਾਂ 'ਚ ਦੇਰੀ, DGCA ਨੇ ਮੰਗਿਆ ਸਪੱਸ਼ਟੀਕਰਨ
IndiGo Flights Delayed: ਦੇਸ਼ ਭਰ ਵਿੱਚ ਇੰਡੀਗੋ ਏਅਰਲਾਈਨਜ਼ ਦੀਆਂ ਕਈ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ। ਹੁਣ ਇਸ ਮਾਮਲੇ ਵਿੱਚ ਡਾਇਰੈਕਟੋਰੇਟ ਆਫ ਸਿਵਲ ਏਵੀਏਸ਼ਨ (DGCA ) ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ। ਡੀਜੀਸੀਏ ਨੇ ਦੇਸ਼ ਭਰ ਵਿੱਚ ਇੰਡੀਗੋ ਦੀ ਉਡਾਣ ਵਿੱਚ ਦੇਰੀ ਦੇ ਕਾਰਨ ਬਾਰੇ ਏਅਰਲਾਈਨ ਨੂੰ ਜਵਾਬ ਦੇਣ ਲਈ ਕਿਹਾ ਹੈ। ਦਰਅਸਲ, ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਵਿੱਚ ਇੰਡੀਗੋ ਏਅਰਲਾਈਨਜ਼ ਦੇ ਜਹਾਜ਼ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਉਡਾਣ ਭਰ ਰਹੇ ਹਨ। ਇਸ ਦਾ ਕਾਰਨ ਚਾਲਕ ਦਲ ਦੇ ਮੈਂਬਰ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਕਰੂ ਮੈਂਬਰਾਂ ਦੀ ਕਮੀ ਕਾਰਨ ਜਹਾਜ਼ਾਂ ਦੀ ਉਡਾਣ 'ਚ ਦੇਰੀ ਹੋ ਰਹੀ ਹੈ। ਸ਼ਨੀਵਾਰ ਨੂੰ ਇੰਡੀਗੋ ਦੀਆਂ 55 ਫੀਸਦੀ ਘਰੇਲੂ ਉਡਾਣਾਂ ਲੇਟ ਹੋਈਆਂ। ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿਚ ਚਾਲਕ ਦਲ ਦੇ ਮੈਂਬਰਾਂ ਨੇ ਬੀਮਾਰੀ ਅਤੇ ਹੋਰ ਕਾਰਨਾਂ ਕਰਕੇ ਛੁੱਟੀ ਲੈ ਲਈ ਸੀ। ਸੂਤਰਾਂ ਮੁਤਾਬਕ ਸਬੰਧਤ ਕਰੂ ਮੈਂਬਰ ਬੀਮਾਰੀ ਦੇ ਨਾਂ 'ਤੇ ਛੁੱਟੀ ਲੈ ਕੇ ਏਅਰ ਇੰਡੀਆ (ਏ.ਆਈ.) ਦੀ ਭਰਤੀ ਮੁਹਿੰਮ 'ਚ ਸ਼ਾਮਲ ਹੋਣ ਲਈ ਗਏ ਸਨ। ਮਾਮਲੇ ਬਾਰੇ ਪੁੱਛੇ ਜਾਣ 'ਤੇ ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਸੂਤਰਾਂ ਮੁਤਾਬਕ ਏਅਰ ਇੰਡੀਆ ਦੀ ਭਰਤੀ ਮੁਹਿੰਮ ਦਾ ਦੂਜਾ ਪੜਾਅ ਸ਼ਨੀਵਾਰ ਨੂੰ ਚਲਾਇਆ ਗਿਆ ਅਤੇ ਇੰਡੀਗੋ ਦੇ ਜ਼ਿਆਦਾਤਰ ਬੀਮਾਰ ਚਾਲਕ ਦਲ ਦੇ ਮੈਂਬਰ ਇਸ ਲਈ ਗਏ। ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਵਰਤਮਾਨ ਵਿੱਚ ਰੋਜ਼ਾਨਾ ਲਗਭਗ 1,600 ਉਡਾਣਾਂ ਚਲਾਉਂਦੀ ਹੈ - ਘਰੇਲੂ ਅਤੇ ਅੰਤਰਰਾਸ਼ਟਰੀ। ਇਹ ਵੀ ਪੜ੍ਹੋ: CBSE Term 2 Result 2022: ਨਤੀਜੇ ਜਾਰੀ ਹੋਣ ਤੋਂ ਪਹਿਲਾਂ CBSE ਨੇ ਲਾਂਚ ਕੀਤਾ ਪੋਰਟਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਸ਼ਨੀਵਾਰ ਨੂੰ ਇੰਡੀਗੋ ਦੀਆਂ 45.2 ਫੀਸਦੀ ਘਰੇਲੂ ਉਡਾਣਾਂ ਸਮੇਂ 'ਤੇ ਚੱਲੀਆਂ। ਇਸ ਦੀ ਤੁਲਨਾ 'ਚ ਸ਼ਨੀਵਾਰ ਨੂੰ ਏਅਰ ਇੰਡੀਆ ਦੇ 77.1 ਫੀਸਦੀ, ਸਪਾਈਸਜੈੱਟ ਦੇ 80.4 ਫੀਸਦੀ, ਵਿਸਤਾਰਾ ਦੇ 86.3 ਫੀਸਦੀ, GoFirst ਦੇ 88 ਫੀਸਦੀ ਅਤੇ ਏਅਰਏਸ਼ੀਆ ਇੰਡੀਆ ਦੇ 92.3 ਫੀਸਦੀ ਨੇ ਸ਼ਨੀਵਾਰ ਨੂੰ ਸਮੇਂ 'ਤੇ ਕੰਮ ਕੀਤਾ। -PTC News