ਭਾਰਤੀ ਮੂਲ ਦੇ ਮਾਨਸਿਕ ਤੌਰ 'ਤੇ ਪਰੇਸ਼ਾਨ ਨੌਜਵਾਨ ਨੂੰ ਅਗਲੇ ਹਫ਼ਤੇ ਸਿੰਗਾਪੁਰ 'ਚ ਦਿੱਤੀ ਜਾਵੇਗੀ ਫਾਂਸੀ
ਸਿੰਗਾਪੁਰ : ਸਿੰਗਾਪੁਰ 'ਚ ਨਸ਼ੇ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਮੂਲ ਦੇ ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਨੂੰ ਅਗਲੇ ਹਫਤੇ ਫਾਂਸੀ ਦਿੱਤੀ ਜਾਵੇਗੀ। ਮੀਡੀਆ ਰਿਪੋਰਟ ਵਿੱਚ ਵੀਰਵਾਰ ਨੂੰ ਕਿਹਾ ਗਿਆ ਹੈ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਭਾਰਤੀ ਮੂਲ ਦੇ ਮਲੇਸ਼ੀਅਨ ਵਿਅਕਤੀ ਨੂੰ ਆਖਰੀ ਅਪੀਲ ਰੱਦ ਹੋਣ ਤੋਂ ਬਾਅਦ ਬੁੱਧਵਾਰ ਨੂੰ ਸਿੰਗਾਪੁਰ ਦੀ ਚਾਂਗੀ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਣੀ ਹੈ। ਇਸ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਜ਼ਾ ਵਿਰੁੱਧ ਉਸ ਦੀ ਅੰਤਿਮ ਅਪੀਲ ਖਾਰਜ ਕਰ ਦਿੱਤੀ ਗਈ ਹੈ। ਦੋਸ਼ੀ ਨੌਜਵਾਨ ਦਾ ਨਾਮ ਨਾਗੇਥਰਨ ਧਰਮਲਿੰਗਮ (34) ਹੈ। ਉਸ ਨੂੰ 2009 'ਚ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਨੂੰ 2010 'ਚ 42.72 ਗ੍ਰਾਮ ਹੈਰੋਇਨ ਦੀ ਤਸਕਰੀ ਦਾ ਦੋਸ਼ੀ ਪਾਇਆ ਗਿਆ ਸੀ। ਸਿੰਗਾਪੁਰ ਦੇ ਕਾਨੂੰਨ ਤਹਿਤ, ਇਸ ਅਪਰਾਧ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ ਲਾਜ਼ਮੀ ਤੌਰ 'ਤੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਸਿੰਗਾਪੁਰ ਦੀ ਇੱਕ ਅਦਾਲਤ ਨੇ 29 ਮਾਰਚ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਸੁਣਾਈ ਗਈ ਮੌਤ ਦੀ ਸਜ਼ਾ ਵਿਰੁੱਧ ਧਰਮਲਿੰਗਮ ਦੀ ਅੰਤਿਮ ਅਪੀਲ ਨੂੰ ਰੱਦ ਕਰ ਦਿੱਤਾ ਸੀ। ਦੋਸ਼ੀ ਠਹਿਰਾਏ ਜਾਣ ਤੇ ਸਜ਼ਾ ਖਿਲਾਫ਼ ਉਸ ਦੀ ਪਹਿਲੀ ਅਪੀਲ 2011 ਵਿੱਚ ਰੱਦ ਕਰ ਦਿੱਤੀ ਗਈ ਸੀ। ਉਦੋਂ ਸਿੰਗਾਪੁਰ ਦੀ ਹਾਈ ਕੋਰਟ ਨੇ ਫਿਰ ਹੁਕਮ ਦਿੱਤਾ ਸੀ ਕਿ ਧਰਮਲਿੰਗਮ ਨੂੰ ਚਾਰ ਮਨੋਵਿਗਿਆਨੀਆਂ ਅਤੇ ਮਨੋਰੋਗ ਮਾਹਿਰਾਂ ਤੋਂ ਮਿਲੇ ਸਬੂਤਾਂ ਦੇ ਆਧਾਰ 'ਤੇ ਉਮਰ ਕੈਦ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਇਸ ਮਾਮਲੇ ਨੇ ਪਿਛਲੇ ਸਾਲ ਅਕਤੂਬਰ ਵਿੱਚ ਲੋਕਾਂ ਦਾ ਧਿਆਨ ਖਿੱਚਿਆ ਸੀ, ਜਦੋਂ ਸਿੰਗਾਪੁਰ ਜੇਲ੍ਹ ਸੇਵਾ ਨੇ ਧਰਮਲਿੰਗਮ ਦੀ ਮਾਂ ਨੂੰ ਉਸਦੀ ਸਜ਼ਾ ਬਾਰੇ ਇੱਕ ਪੱਤਰ ਭੇਜਿਆ ਸੀ। ਇਸ ਚਿੱਠੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਯੂਜ਼ਰਸ ਨੇ ਉਸ ਦੀ ਮੌਤ ਦੀ ਸਜ਼ਾ ਮੁਆਫ ਕਰਨ ਦੀ ਅਪੀਲ ਕੀਤੀ ਸੀ। ਪਰ ਉਸ ਦੀ ਸਜ਼ਾ ਮੁਆਫ ਨਹੀਂ ਕੀਤੀ ਗਈ ਅਤੇ ਅਗਲੇ ਹਫਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ। ਇਹ ਵੀ ਪੜ੍ਹੋ : ਅਦਾਰਾ ਪੀਟੀਸੀ ਖ਼ਿਲਾਫ਼ ਕੀਤੀ ਗਈ ਕਾਰਵਾਈ ਵਿਰੁੱਧ ਡੀਜੀਪੀ ਵੀਕੇ ਭਾਵੜਾ ਨੂੰ ਮੰਗ ਪੱਤਰ ਸੌਂਪਿਆ