ਅੱਜ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਨਗੇ ਭਾਰਤੀ ਵਿਦੇਸ਼ ਮੰਤਰੀ, ਪਾਕਿ ਨੂੰ ਦੇਣਗੇ ਠੋਕਵਾਂ ਜਵਾਬ!
United Nations General Assembly: ਭਾਰਤੀ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਅੱਜ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਨਗੇ। ਭਾਰਤੀ ਸਮੇਂ ਅਨੁਸਾਰ ਸ਼ਾਮ 6.30 ਵਜੇ ਤੋਂ ਇਹ ਸੰਬੋਧਨ ਸ਼ੁਰੂ ਹੋਵੇਗਾ ਜਿਸ ਵਿਚ ਐੱਸ ਜੈਸ਼ੰਕਰ ਦਾ ਨਾਂ 17ਵੇਂ ਨੰਬਰ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਸ ਮੰਚ ਤੋਂ ਕਸ਼ਮੀਰ ਅਤੇ ਧਾਰਾ 370 ਦੇ ਮੁੱਦੇ 'ਤੇ ਸਵਾਲ ਚੁੱਕੇ ਸਨ। ਜਿਸ ਤੋਂ ਬਾਅਦ ਅੱਜ ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ ਮੰਤਰੀ ਠੋਕਵਾਂ ਜਵਾਬ ਦੇ ਸਕਦੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਸਮੇਤ ਆਪਣੇ ਸਾਰੇ ਗੁਆਂਢੀਆਂ ਨਾਲ ਸ਼ਾਂਤੀ ਚਾਹੁੰਦੇ ਹਾਂ। ਹਾਲਾਂਕਿ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਕਸ਼ਮੀਰ ਮੁੱਦੇ ਦੇ ਸਹੀ ਹੱਲ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਦਾਅਵਾ ਕੀਤਾ ਕਿ ਜੰਮੂ ਅਤੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਬਦਲਣ ਲਈ 5 ਅਗਸਤ 2019 ਨੂੰ ਭਾਰਤ ਦੇ 'ਗੈਰ-ਕਾਨੂੰਨੀ ਅਤੇ ਇਕਪਾਸੜ' ਕਦਮ ਨੇ ਸ਼ਾਂਤੀ ਦੀਆਂ ਸੰਭਾਵਨਾਵਾਂ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ ਅਤੇ ਖੇਤਰੀ 'ਚ ਤਣਾਅ ਨੂੰ ਵਧਾ ਦਿੱਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਤਿੱਖੇ ਲਹਿਜੇ ਵਿੱਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਸਮਾਂ ਹੈ ਕਿ ਭਾਰਤ ਨੂੰ ਸਪੱਸ਼ਟ ਤੌਰ 'ਤੇ ਸਮਝ ਲੈਣਾ ਚਾਹੀਦਾ ਹੈ ਕਿ ਦੋਵੇਂ ਦੇਸ਼ ਹਥਿਆਰਾਂ ਨਾਲ ਲੈਸ ਹਨ। ਜੰਗ ਕੋਈ ਵਿਕਲਪ ਨਹੀਂ ਹੈ। ਸਿਰਫ਼ ਸ਼ਾਂਤੀਪੂਰਨ ਗੱਲਬਾਤ ਹੀ ਇਨ੍ਹਾਂ ਮੁੱਦਿਆਂ ਨੂੰ ਹੱਲ ਕਰ ਸਕਦੀ ਹੈ। ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਭਾਰਤ ਨੇ ਜੰਮੂ-ਕਸ਼ਮੀਰ 'ਚ ਆਪਣੀ ਫੌਜੀ ਤਾਇਨਾਤੀ ਵੀ ਵਧਾ ਦਿੱਤੀ ਹੈ। ਇਹ ਵੀ ਪੜ੍ਹੋ: ਕੇਂਦਰ ਸਰਕਾਰ ਪਲਾਸਟਿਕ ਲਿਫ਼ਾਫਿਆਂ 'ਤੇ ਸਾਰੇ ਸੂਬਿਆਂ 'ਚ ਇਕਸਾਰ ਪਾਬੰਦੀ ਲਗਾਵੇ: ਮੀਤ ਹੇਅਰ ਇਸ ਦੇ ਨਾਲ ਹੀ ਹੁਣ ਸਾਰਿਆਂ ਦੀਆਂ ਨਜ਼ਰਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਸੰਬੋਧਨ 'ਤੇ ਟਿਕੀਆਂ ਹੋਈਆਂ ਹਨ। ਐੱਸ ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ਦੇ 77ਵੇਂ ਸੈਸ਼ਨ 'ਚ ਹਿੱਸਾ ਲੈਣ ਲਈ ਬੀਤੇ ਐਤਵਾਰ ਅਮਰੀਕਾ ਪਹੁੰਚੇ ਸਨ। ਹੁਣ ਤੱਕ ਦੇ ਉੱਚ ਪੱਧਰੀ ਸੈਸ਼ਨਾਂ ਵਿੱਚ ਭਾਰਤ ਨੇ ਅੱਤਵਾਦ ਵਿਰੋਧੀ, ਸ਼ਾਂਤੀ, ਰੱਖਿਆ, ਕੋਰੋਨਾ ਵਰਗੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਹੈ। -PTC News