'ਰੋਡ ਰੇਜ' ਮਾਮਲੇ 'ਚ ਕਾਰ ਸਵਾਰਾਂ ਨੇ ਕੀਤੀ ਫਾਇਰਿੰਗ, ਲੜਕੀ ਦੇ ਕਾਪਾ ਮਾਰ ਕੇ ਕੀਤਾ ਜ਼ਖ਼ਮੀ
ਫਿਰੋਜ਼ਪੁਰ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੈਂਗਸਟਰਾਂ ਨਾਲ ਨਜਿੱਠਣ ਲਈ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਦ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰ ਗਲਤ ਤੇ ਸ਼ਰਾਰਤੀ ਅਨਸਰਾਂ ਉਤੇ ਸ਼ਿਕੰਜਾ ਕੱਸਣ ਲਈ ਪੁਲਿਸ ਨੂੰ ਹੁਕਮ ਦੇ ਰਹੀ ਹੈ। ਇਸ ਦੇ ਉਲਟ ਲੱਗਦਾ ਹੈ ਕਿ ਗਲਤ ਅਨਸਰਾਂ ਵਿੱਚ ਪੁਲਿਸ ਦਾ ਖੌਫ ਬਿਲਕੁਲ ਨਹੀਂ ਹੈ। ਇਹੋ ਕਾਰਨ ਹੈ ਕਿ 'ਰੋਡ ਰੇਜ਼' ਦੇ ਇਕ ਮਾਮਲੇ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਵੱਲੋਂ ਨਾ ਕੇਵਲ ਗੋਲ਼ੀਆਂ ਹੀ ਚਲਾਈਆਂ ਗਈਆਂ ਸਗੋਂ ਕਾਪਾ ਮਾਰ ਕੇ 12 ਸਾਲਾ ਬੱਚੀ ਨੂੰ ਜ਼ਖ਼ਮੀ ਵੀ ਕਰ ਦਿੱਤਾ ਗਿਆ। ਇਹ ਘਟਨਾ ਸ਼ਹਿਰ ਦੇ ਮੁਲਤਾਨੀ ਗੇਟ ਉਤੇ ਵਾਪਰੀ ਹੈ। ਵਾਰਦਾਤ ਵਿੱਚ ਜ਼ਖ਼ਮੀ 12 ਸਾਲਾ ਬੱਚੀ ਸੰਜਨਾ ਪੁੱਤਰੀ ਜੱਗਾ ਵਾਸੀ ਵਿਸ਼ਨੂੰ ਐਨਕਲੇਵ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀ ਸੰਜਨਾ ਦੇ ਭਰਾ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਗੁਰਪ੍ਰੀਤ ਸਿੰਘ ਅਤੇ ਸੰਜਨਾ ਮੋਟਰਸਾਈਕਲ ਉਤੇ ਜਾ ਰਹੇ ਸਨ। ਸ਼ਹਿਰ ਦੇ ਮੁਲਤਾਨੀ ਗੇਟ ਕੋਲ ਕਾਰ ਸਵਾਰ ਦੋ ਨੌਜਵਾਨਾਂ ਨੇ ਗੁਰਪ੍ਰੀਤ ਦੇ ਮੋਟਰਸਾਈਕਲ ਵਿਚ ਕਾਰ ਨਾਲ ਟੱਕਰ ਮਾਰੀ। ਗੁਰਪ੍ਰੀਤ ਵੱਲੋਂ ਇਤਰਾਜ਼ ਕਰਨ 'ਤੇ ਦੋਵੇਂ ਜਣੇ ਕਾਰ ਵਿੱਚੋਂ ਉਤਰ ਆਏ 'ਤੇ ਕਾਪਿਆਂ ਨਾਲ ਹਮਲਾ ਕਰ ਦਿੱਤਾ। ਉਸ ਦੌਰਾਨ ਉਨ੍ਹਾਂ ਦੇ ਹੋਰ ਸਾਥੀ ਨੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਵਿੱਚ ਉਸ ਦਾ ਭਰਾ ਵਾਲ-ਵਾਲ ਬੱਚ ਗਿਆ। ਕਾਰ ਸਵਾਰਾਂ ਵੱਲੋਂ ਮਾਰੇ ਗਏ ਕਾਪੇ ਕਾਰਨ ਉਸ ਦੀ ਛੋਟੀ ਭੈਣ ਸੰਜਨਾ ਜ਼ਖ਼ਮੀ ਹੋ ਗਈ ਜਿਸ ਨੂੰ ਕਿ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੀੜਤਾ ਦੇ ਭਰਾ ਮੁਤਾਬਕ ਹਮਲਾਵਰ ਇਕ ਸਵਰਗਵਾਸੀ ਨਾਮੀ ਭਲਵਾਨ ਦੇ ਮੁੰਡੇ ਦੱਸੇ ਜਾ ਰਹੇ ਹਨ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਘਰੋਂ ਬਾਹਰ ਆਈ ਆਲੀਆ ਭੱਟ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ