ਇਸ਼ਤਿਹਾਰਾਂ 'ਚ ਮੁਲਾਜ਼ਮ ਹੋਏ ਪੱਕੇ ਪਰ ਹਕੀਕਤ 'ਚ ਅੱਜ ਵੀ ਕੱਚੇ : ਅਸ਼ੀਸ਼ ਜੁਲਾਹਾ
ਚੰਡੀਗੜ੍ਹ : ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਇਸ਼ਤਿਹਾਰਾਂ ਵਿਚ ਤਾਂ ਕਈ ਵਾਰ ਪੱਕਾ ਕਰ ਦਿੱਤਾ ਗਿਆ ਪਰ ਹਕੀਕਤ ਵਿਚ ਅੱਜ ਵੀ ਕੱਚੇ ਹਨ। 2021 ਵਿਚ ਕਾਂਗਰਸ ਸਰਕਾਰ ਵੱਲੋਂ ਵੱਡੇ-ਵੱਡੇ ਹੋਰਡਿੰਗ ਲਗਾ ਤੇ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਕਿ ਕੱਚੇ ਮੁਲਾਜ਼ਮਾਂ ਪੱਕੇ ਪਰ ਹਕੀਕਤ ਵਿਚ ਕੋਈ ਵੀ ਨਾ ਹੋਇਆ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ਦੇ ਪਹਿਲੇ ਹਫ਼ਤੇ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕਰਕੇ ਹਰਪਾਲ ਚੀਮਾ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਕੈਬਨਿਟ ਸਬ ਕਮੇਟੀ ਬਣਾਈ ਜਿਸ ਨੇ ਪਹਿਲੇ ਛੇ ਮਹੀਨਿਆਂ ਵਿਚ ਲਗਾਤਾਰ ਮੀਟਿੰਗਾਂ ਕਰਕੇ ਆਖਰ 5 ਸਤੰਬਰ 2022 ਨੂੰ ਮੁੱਖ ਮੰਤਰੀ ਪੰਜਾਬ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਰਿਪੋਰਟ ਸੌਂਪੀ ਤੇ ਮੁੱਖ ਮੰਤਰੀ ਪੰਜਾਬ ਵੱਲੋਂ 5 ਸਤੰਬਰ ਦੀ ਕੈਬਨਿਟ ਮੀਟਿੰਗ 'ਚ ਸਿੱਖਿਆ ਵਿਭਾਗ ਤੋਂ ਸ਼ੁਰੂਆਤ ਕਰਦੇ ਹੋਏ 8736 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕੈਬਨਿਟ 'ਚ ਮਤਾ ਪਾਸ ਕਰਕੇ ਐਲਾਨ ਕਰ ਦਿੱਤਾ। ਐਲਾਨ ਤੋਂ ਬਾਅਦ ਕੱਚੇ ਮੁਲਾਜ਼ਮਾਂ ਨੂੰ ਇਕ ਉਮੀਦ ਜਾਗੀ ਸੀ ਕਿ ਇਹ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਬਣਦੇ ਹੱਕ ਦੇਵੇਗੀ। ਆਮ ਆਦਮੀ ਪਾਰਟੀ ਨੇ ਅਖਬਾਰਾਂ ਤੇ ਸੋਸ਼ਲ ਮੀਡੀਆ ਵਿਚ ਵੱਡੇ-ਵੱਡੇ ਇਸ਼ਤਿਹਾਰ ਤਾਂ ਦੇ ਦਿੱਤੇ ਕਿ ਪੰਜਾਬ ਦੇ 9000 ਕੱਚੇ ਮੁਲਾਜ਼ਮ ਰੈਗੂਲਰ ਪਰ ਹਕੀਕਤ ਇਹ ਹੈ ਕਿ 15 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਸਰਕਾਰ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕੀ। ਕੱਚੇ ਮੁਲਾਜ਼ਮਾਂ ਦੇ ਸੂਬਾਈ ਆਗੂ ਅਸ਼ੀਸ਼ ਜੁਲਾਹਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਫੋਕੀ ਬਿਆਨਬਾਜ਼ੀ ਕਰ ਰਹੀ ਹੈ ਜੋ ਕਿ ਹਕੀਕਤ ਤੋਂ ਕੋਹਾਂ ਦੂਰ ਹੈ। ਆਗੂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਤਕਰੀਬਨ 9000 ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਅਖਬਾਰਾਂ ਵਿਚ ਇਸ਼ਤਿਹਾਰ ਤਾਂ ਸਰਕਾਰ ਦੇ ਰਹੀ ਹੈ ਪਰ ਅਜੇ ਤੱਕ ਦਫਤਰੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਕਈ ਕਾਰਵਾਈ ਕੀਤੀ ਗਈ ਹੈ। ਇਹ ਵੀ ਪੜ੍ਹੋ : ਲੁਧਿਆਣਾ ਕੇਂਦਰੀ ਜੇਲ੍ਹ 'ਚ ਗੋਲੀਆਂ ਤੇ ਹੈਰੋਇਨ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਆਗੂ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਸੱਚਾਈ ਵਿਚ ਕੱਚੇ ਮੁਲਾਜ਼ਮਾਂ ਦੀ ਹਮਾਇਤੀ ਹੈ ਤਾਂ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਕੇ 9000 ਕੱਚੇ ਮੁਲਾਜ਼ਮਾਂ ਨੂੰ ਆਰਡਰ ਜਾਰੀ ਕਰੇ ਤੇ ਬਾਕੀ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕਾਰਵਾਈ ਜਲਦੀ ਕਰੇ ਕਿਉਂਕਿ ਜੇ ਇਸ ਗਤੀ ਨਾਲ ਕੰਮ ਚੱਲਿਆ ਤਾਂ ਫਿਰ ਤਾਂ ਸਮੂਹ 36000 ਮੁਲਾਜ਼ਮ ਪੱਕੇ ਕਰਨ 'ਚ ਬਹੁਤ ਸਮਾਂ ਲੱਗੇਗਾ। ਇਸ ਦੇ ਨਾਲ ਹੀ ਆਗੂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੇ 10-15 ਸਾਲ ਸਰਕਾਰੀ ਵਿਭਾਗਾਂ 'ਚ ਕੰਮ ਕਰ ਲਿਆ ਹੈ ਤੇ ਸਰਕਾਰ ਨੇ 10 ਸਾਲ ਦੀ ਲਗਾਤਾਰ ਨੌਕਰੀ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਐਲਾਨ ਕੀਤਾ ਹੈ ਤਾਂ ਫਿਰ ਸਰਕਾਰ ਹੁਣ ਫਿਰ ਮੁਲਾਜ਼ਮਾਂ ਉਤੇ ਤਿੰਨ ਸਾਲ ਦਾ ਪ੍ਰੋਬੇਸ਼ਨ ਕਿਉਂ ਥੋਪ ਰਹੀ ਹੈ। ਆਗੂ ਨੇ ਕਿਹਾ ਕਿ ਸਰਕਾਰ ਤੁਰੰਤ ਪੂਰੀਆਂ ਤਨਖਾਹਾਂ ਉਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰੇ ਨਹੀ ਤਾਂ ਕੱਚੇ ਮੁਲਾਜ਼ਮਾਂ ਲਈ ਗੁਜਰਾਤ ਜਾਂ ਹਿਮਾਚਲ ਦੂਰ ਨਹੀਂ ਹੈ ਸਰਕਾਰ ਦੀਆ ਝੂਠੀਆਂ ਨੀਤੀਆਂ ਨੂੰ ਉਜਾਗਰ ਕਰਨ ਉਥੇ ਜਾਣ ਤੋਂ ਗੁਰੇਜ਼ ਨਹੀਂ ਕਰਨਗੇ। -PTC News