ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨਾਲ ਅਹਿਮ ਬੈਠਕ ਅੱਜ, ਕੀਤੇ ਜਾ ਸਕਦੇ ਵੱਡੇ ਐਲਾਨ
ਚੰਡੀਗੜ੍ਹ: ਪੰਜਾਬ ਸਰਕਾਰ ਅੱਜ ਕਿਸਾਨ ਜਥੇਬੰਦੀਆਂ ਨਾਲ ਅਹਿਮ ਮੀਟਿੰਗ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਬੈਠਕ ਵਿਚ ਪੰਜਾਬ ਸਰਕਾਰ ਕਿਸਾਨਾਂ ਲਈ ਅਹਿਮ ਫੈਸਲੇ ਲੈ ਸਕਦੀ ਹੈ। ਇਹ ਮੀਟਿੰਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ (Kisan Jathebandiya) ਵੱਲੋਂ ਕਾਂਗਰਸ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਕਰਕੇ ਮੁੱਖ ਮੰਤਰੀ ਚੰਨੀ ਉੱਪਰ ਦਬਾਅ ਕਾਫੀ ਵਧ ਗਿਆ ਹੈ। ਕਿਸਾਨ ਲੀਡਰਾਂ ਦੀ ਮੁੱਖ ਮੰਗ ਹੈ ਕਿ ਪਿਛਲੇ ਚੋਣ ਵਾਅਦੇ ਤੁਰੰਤ ਲਾਗੂ ਕੀਤੇ ਜਾਣ। ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਸਮੁੱਚੇ ਕਰਜ਼ੇ ਤੁਰੰਤ ਖਤਮ ਕੀਤੇ ਜਾਣ। ਦੱਸ ਦਈਏ ਕਿ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਦੇਰ ਸ਼ਾਮ ਮੀਟਿੰਗ ਲਈ ਸੱਦਾ ਮਿਲਣ ਮਗਰੋਂ ਡੀਸੀ ਦਫ਼ਤਰਾਂ ਦਾ ਘਿਰਾਓ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਧਰਨੇ ਪਹਿਲਾਂ ਵਾਂਗ ਜਾਰੀ ਰਹਿਣਗੇ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ 13 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਘੇਰੇ ਹਨ। ਇਸ ਤੋਂ ਇਲਾਵਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 4 ਜ਼ਿਲ੍ਹਿਆਂ ਵਿੱਚ ਰੇਲ ਪਟੜੀਆਂ ’ਤੇ ਦਿੱਤੇ ਧਰਨਿਆਂ ਕਰਕੇ ਅੱਧੇ ਸੂਬੇ ਵਿੱਚ ਅੱਜ ਤੀਜੇ ਦਿਨ ਵੀ ਰੇਲਾਂ ਦੀ ਆਵਾਜਾਈ ਠੱਪ ਹੈ। ਰੇਲਵੇ ਵਿਭਾਗ ਨੇ ਅਹਿਮ ਰੂਟਾਂ ’ਤੇ ਗੱਡੀਆਂ ਰੱਦ ਵੀ ਕਰ ਦਿੱਤੀਆਂ ਹਨ। -PTC News