ਗੈਰ ਕਾਨੂੰਨੀ ਮਾਇਨਿੰਗ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਲਈ ਖੜ੍ਹਾ ਹੋਇਆ ਖ਼ਤਰਾ: ਅਕਾਲੀ ਦਲ
ਚੰਡੀਗੜ੍ਹ, 29 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਪੰਜਾਬ ਵਿਚ ਗੈਰ ਕਾਨੂੰਨੀ ਮਾਇਨਿੰਗ ਦੀ ਕੇਂਦਰੀ ਜਾਂਚ ਕਰਵਾਈ ਜਾਵੇ ਜੋ ਨਾ ਸਿਰਫ ਵਾਤਾਵਰਣ ਦਾ ਨੁਕਸਾਨ ਕਰ ਰਹੀ ਹੈ ਬਲਕਿ ਇਸ ਨਾਲ ਕੌਮੀ ਸੁਰੱਖਿਆ ਦੇ ਨਾਲ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। 'ਆਪ' ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਹ ਭਰੋਸਾ ਦੇਣ ਵਿਚ ਨਾਕਾਮ ਰਹਿਣ ਕਿ ਉਸਨੇ ਉਹ ਦਰਿਆਈ ਕੰਡਿਆਂ ’ਤੇ ਉਹ ਗੈਰ ਕਾਨੂੰਨੀ ਮਾਇਨਿੰਗ ਰੋਕ ਦਿੱਤੀ ਹੈ ਜੋ ਕੌਮੀ ਸੁਰੱਖਿਆ ਲਈ ਖ਼ਤਰਾ ਬਣੀ ਹੋਈ ਸੀ, ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਮਾਇਨਿੰਗ ਮਾਫੀਆ ਅੱਗੇ ਸਰਕਾਰ ਬੇਵੱਸ ਹੈ। ਉਹਨਾਂ ਕਿਹਾ ਕਿ ਸਿਰਫ ਕੇਂਦਰੀ ਜਾਂਚ ਹੀ ਇਸ ਮਾਫੀਆ ਨੂੰ ਬੇਨਕਾਬ ਕਰ ਸਕਦੀ ਹੈ ਅਤੇ ਸਰਕਾਰ ਨੂੰ ਕੌਮਾਂਤਰੀ ਸਰਹੱਦ ਦੇ ਨਾਲ ਨਾਲ ਸੂਬੇ ਵਿਚ ਹੋਰ ਥਾਵਾਂ ’ਤੇ ਗੈਰ ਕਾਨੂੰਨੀ ਮਾਇਨਿੰਗ ਰੋਕਣ ਲਈ ਮਜਬੂਰ ਕਰ ਸਕਦੀ ਹੈ। ਡਾ. ਚੀਮਾ ਨੇ ਕਿਹਾ ਕਿ ਹਾਈ ਕੋਰਟ ਨੇ ਵੀ ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ਵਿਚ 'ਆਪ' ਸਰਕਾਰ ਦੇ ਪ੍ਰਾਪੇਗੰਡੇ ਨੂੰ ਬੇਨਕਾਬ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਇਹ ਪ੍ਰਭਾਵ ਦੇਣ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ ਕਿ ਉਸਨੇ ਗੈਰ ਕਾਨੂੰਨੀ ਮਾਇਨਿੰਗ ਖਤਮ ਕਰ ਦਿੱਤੀ ਹੈ ਤੇ ਰੇਤੇ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਉਹਨਾਂ ਕਿਹਾ ਕਿ ਅਦਾਲਤ ਵਿਚ ਹੋਏ ਖੁਲ੍ਹਾਸਿਆਂ ਤੋਂ ਸਾਬਤ ਹੋ ਗਿਆ ਹੈ ਕਿ ਇਹ ਸਾਰੇ ਦਾਅਵੇ ਝੂਠੇ ਹਨ ਅਤੇ ਸਰਕਾਰ ਨੇ ਇਸ ਮਾਮਲੇ ਵਿਚ ਪੰਜਾਬੀਆਂ ਨੁੰ ਮੂਰਖ ਬਣਾਇਆ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਸੂਬੇ ਦੇ ਲੋਕਾਂ ਨੂੰ ਇਸਦਾ ਜਵਾਬ ਦੇਣਾ ਚਾਹੀਦਾ ਹੈ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਇਸ ਪ੍ਰਾਪੇਗੰਡੇ ਵਾਲੀ ਗੁਫਾ ਵਿਚੋਂ ਬਾਹਰ ਆਉਣ ਅਤੇ ਗੈਰ ਕਾਨੂੰਨੀ ਮਾਇਨਿੰਗ ਨਾਲ ਨਜਿੱਠਣ ਵਿਚ ਗੰਭੀਰਤਾ ਵਿਖਾਉਣ। ਉਹਨਾਂ ਕਿਹਾ ਕਿ ਬਾਰਡਰ ਸਕਿਓਰਿਟੀ ਫੋਰਸ ਵੱਲੋਂ ਦਿੱਤੀਆਂ ਰਿਪੋਰਟਾਂ ਵਿਚ ਕੌਮੀ ਸੁਰੱਖਿਆ ਲਈ ਗੰਭੀਰ ਖ਼ਤਰੇ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ 'ਆਪ' ਸਰਕਾਰ ਨੇ ਗੈਰ ਕਾਨੂੰਨੀ ਮਾਇਨਿੰਗ ਕਰਨ ਵਾਲਿਆਂ ਨੂੰ ਰਾਵੀ ਦਰਿਆ ’ਤੇ ਖੱਡਾਂ ਬਣਾਉਣ ਦੀ ਆਗਿਆ ਦੇ ਦਿੱਤੀ ਤੇ ਪਾਕਿਸਤਾਨ ਵਿਚ ਜਾਣ ਵਾਲੇ ਦਰਿਆ ਦੇ ਨਾਲ ਇਸ ਕਾਰਨ ਘੁੁਸਪੈਠੀਆਂ ਤੇ ਅਤਿਵਾਦੀਆਂ ਲਈ ਦਾਖਲੇ ਦਾ ਰਾਹ ਖੁਲ੍ਹ ਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਗੈਰ ਕਾਨੂੰਨੀ ਮਾਇਨਿੰਗ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਰਹੀ ਹੈ ਤੇ ਡੂੰਘੀ ਖੁਦਾਈ ਕਾਰਨ ਹੀ ਪਠਾਨਕੋਟ ਵਿਚ ਚੱਕੀ ਦਰਿਆ ’ਤੇ ਬਣਿਆ ਇਤਿਹਾਸ ਰੇਲਵੇ ਪੁੱਲ ਢਹਿ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਗੜ੍ਹਸ਼ੰਕਰ ਵਿਚ ਇਕ ਪੁੱਲ ਲਈ ਇਸਦੇ ਪਿੱਲਰਾਂ ਦੁਆਲੇ ਗੈਰ ਕਾਨੂੰਨੀ ਮਾਇਨਿੰਗ ਕਾਰਨ ਖਤਰਾ ਖੜ੍ਹਾ ਹੋ ਗਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਇਨਿੰਗ ਮਾਫੀਆ ਅੱਗੇ ਸਰੰਡਰ ਕਰ ਦਿੱਤਾ ਹੈ ਜਿਸ ਕਾਰਨ ਆਮ ਆਦਮੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਰੇਤੇ ਦੀਆਂ ਕੀਮਤਾਂ ਆਪ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਦੁੱਗਣੀਆਂ ਹੋ ਗਈਆਂ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਉਸਾਰੀ ਗਤੀਵਿਧੀਆਂ ਠੱਪ ਹੋ ਗਈਆਂ ਹਨ। ਇਹ ਵੀ ਪੜ੍ਹੋ: 14 ਹਜ਼ਾਰ ਨਾਜਾਇਜ਼ ਕਲੋਨੀਆਂ ਦੀ ਰਿਜਿਸਟਰੀ 'ਤੇ ਅਮਨ ਅਰੋੜਾ ਦਾ ਵੱਡਾ ਬਿਆਨ -PTC News