ਸਰਹੱਦੀ ਇਲਾਕੇ 'ਚ ਨਾਜਾਇਜ਼ ਮਾਈਨਿੰਗ ਬਣ ਸਕਦੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ, ਕੈਬਨਿਟ ਮੰਤਰੀ ਅਣਜਾਣ
ਪਟਿਆਲਾ : ਸਰਹੱਦੀ ਇਲਾਕਿਆਂ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ। ਨਾਜਾਇਜ਼ ਮਾਈਨਿੰਗ ਕਰ ਕੇ ਸਰਹੱਦੀ ਇਲਾਕਿਆਂ ਵਿੱਚ ਡੂੰਘੇ-ਡੂੰਘੇ ਖੱਡੇ ਬਣ ਰਹੇ ਹਨ, ਜਿਸ ਕਾਰਨ ਅੱਤਵਾਦੀਆਂ ਦੇ ਭਾਰਤ ਵਿੱਚ ਘੁਸਪੈਠ ਦਾ ਖ਼ਦਸ਼ਾ ਹੈ। ਪਰ ਹੈਰਾਨਗੀ ਉਦੋਂ ਜਦੋਂ ਪੰਜਾਬ ਦੇ ਵਾਤਾਵਰਨ, ਵਿਗਿਆਨ ਤੇ ਤਕਨਾਲੋਜੀ, ਖੇਡਾਂ ਤੇ ਯੁਵਕ ਸੇਵਾਵਾਂ, ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਇਸ ਸਭ ਤੋਂ ਅਣਜਾਣ ਹਨ। ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਜੇ ਅਜਿਹਾ ਹੋ ਰਿਹਾ ਤਾਂ ਸੂਬੇ ਦੀ ਸੁਰੱਖਿਆ ਵੀ ਜ਼ਰੂਰੀ ਹੈ। ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਹੁਣ ਹੋਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸਖ਼ਤੀ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਨਾਜਾਇਜ਼ ਮਾਈਨਿੰਗ ਦੇ ਇੱਕ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਧਿਆਨ ਹਿੱਤ ਲਿਆਂਦਾ ਗਿਆ ਸੀ ਕਿ ਪਠਾਨਕੋਟ ਤੇ ਗੁਰਦਾਸਪੁਰ ਖੇਤਰ ਵਿੱਚ ਪਾਕਿਸਤਾਨ ਸਰਹੱਦ ਉਤੇ ਰਾਵੀ ਪਾਰ ਵੱਡੇ ਪੱਧਰ ਉਤੇ ਗ਼ੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ ਤੇ ਇਸ ਦੇ ਨਤੀਜੇ ਵਜੋਂ ਨਦੀ ਵਿੱਚ ਵੱਡੇ-ਵੱਡੇ ਖੱਡੇ ਪੈ ਗਏ ਹਨ ਤੇ ਇਸ ਨਾਲ ਦੇਸ਼ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਖੜ੍ਹਾ ਹੋ ਗਿਆ ਹੈ। ਇਹ ਖੱਡੇ ਸੱਚ-ਮੁੱਚ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ ਦਾ ਰਾਹ ਬਣ ਗਏ ਹਨ। ਮਾਈਨਿੰਗ ਲਈ ਜੇਸੀਬੀ ਤੇ ਹੋਰ ਭਾਰੀ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਗਈ ਹੈ। ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ ਤੇ ਸੁਣਵਾਈ ਅੱਗੇ ਪਾ ਦਿੱਤੀ ਗਈ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਕੀ ਨਾਜਾਇਜ਼ ਮਾਈਨਿੰਗ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਹੈ ਜਾਂ ਨਹੀਂ। ਸਰਕਾਰ ਦੇ ਵਕੀਲ ਇਸ ਦਾ ਜਵਾਬ ਨਹੀਂ ਦੇ ਸਕੇ। ਇਸ ਉਤੇ ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਹਲਫਨਾਮਾ ਦਾਖ਼ਲ ਕਰਨ ਲਈ ਕਿਹਾ ਸੀ। ਰਿਪੋਰਟ-ਗਗਨਦੀਪ ਸਿੰਘ ਆਹੂਜਾ ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਦਸਵੇਂ ਪਾਤਸ਼ਾਹ ਦੀ ਸ਼ਖਸੀਅਤ ਦਾ ਫਿਲਮਾਂਕਣ ਕਰਨ ’ਤੇ ਡਾ. ਵਿਵੇਕ ਬਿੰਦਰਾ ਨੂੰ ਭੇਜਿਆ ਕਾਨੂੰਨੀ ਨੋਟਿਸ