ਬੱਸਾਂ ਚਲਾਉਣ ਲਈ ਟਾਈਮ ਅਲਾਟ ਨਾ ਹੋਣ 'ਤੇ ਆਰਟੀਓ ਦਫ਼ਤਰ ਦਾ ਕੀਤਾ ਘਿਰਾਓ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਨੌਜਵਾਨ ਨੂੰ ਰੁ਼ਜ਼ਗਾਰ ਦੇਣ ਲਈ ਮਿੰਨੀ ਬੱਸਾਂ ਦੇ ਦਿੱਤੇ ਗਏ ਪਰਮਿਟ ਰੁਜ਼ਗਾਰ ਦੀ ਬਜਾਏ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਪਿਛਲੇ ਕਈ ਮਹੀਨਿਆਂ ਤੋਂ ਆਪਣੀਆਂ ਬੱਸਾਂ ਦੇ ਪਰਮਿਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਬੱਸਾਂ ਚਲਾਉਣ ਦਾ ਟਾਈਮ ਨਹੀਂ ਮਿਲ ਰਿਹਾ। ਇਸ ਕਾਰਨ ਅੱਕੇ ਨੌਜਵਾਨਾਂ ਨੇ ਅੱਜ ਆਪਣੇ ਪਰਿਵਾਰ ਸਮੇਤ RTO ਦਫ਼ਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਆਮ ਆਦਮੀ ਪਾਰਟੀ ਉਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਜਿੰਨਾ ਸਮਾਂ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਕੀਤੀਆਂ ਜਾਂਦੀਆਂ ਉੱਨਾ ਸਮਾਂ ਸੰਘਰਸ਼ ਜਾਰੀ ਰਹੇਗਾ। ਆਰ.ਟੀ.ਓ. ਦਫਤਰ ਬਠਿੰਡਾ ਅੱਗੇ ਆਪਣੇ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਨੌਜਵਾਨਾਂ ਨੂੰ ਸਰਕਾਰ ਨੇ ਰੁਜ਼ਗਾਰ ਦੇਣ ਲਈ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕੀਤੇ ਸਨ ਪਰ ਇਨ੍ਹਾਂ ਨੂੰ ਮਿੰਨੀ ਬੱਸਾਂ ਚਲਾਉਣ ਲਈ ਟਾਇਮ ਨਹੀਂ ਦਿੱਤਾ ਗਿਆ। ਨੌਜਵਾਨਾਂ ਨੇ ਆਪਣਾ ਰੁਜ਼ਗਾਰ ਚਲਾਉਣ ਲਈ ਮਿੰਨੀ ਬੱਸਾਂ ਕਰਜ਼ੇ ਲੈ ਕੇ ਲਈਆਂ ਸਨ ਪਰ ਇਨ੍ਹਾਂ ਨੂੰ ਕਮਾਈ ਹੋਣ ਦੀ ਬਜਾਏ ਵਿਆਜ ਭਰਨਾ ਪੈ ਰਿਹਾ ਹੈ ਤੇ ਬੱਸਾਂ ਦਾ ਟੈਕਸ ਉਨ੍ਹਾਂ ਉਤੇ ਬੋਝ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਕਥਿਤ ਤੌਰ ਉਤੇ RTO ਦਫ਼ਤਰ ਵਿੱਚ ਪੈਸਿਆਂ ਨੂੰ ਲੈ ਕੇ ਉਨ੍ਹਾਂ ਨੂੰ ਬੱਸਾਂ ਦਾ ਟਾਇਮ ਨਹੀਂ ਦਿੱਤਾ ਜਾ ਰਿਹਾ, ਉਨ੍ਹਾਂ ਦੋਸ਼ ਲਾਇਆ ਕਿ ਉਹ ਦਫ਼ਤਰ ਦੇ ਕਈ ਵਾਰ ਚੱਕਰ ਲਗਾ ਚੁੱਕੇ ਹਨ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਅੱਜ ਆਪਣੇ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕਰਨ ਲਈ ਪੁੱਜੇ ਹਨ। ਉਨ੍ਹਾਂ ਨੇ ਕਿਹਾ ਕਿ ਜਿੰਨਾ ਸਮਾਂ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੁੰਦੀਆਂ ਉਹ ਸੰਘਰਸ਼ ਜਾਰੀ ਰੱਖਣਗੇ। ਉਧਰ ਦੂਜੇ ਪਾਸੇ ਆਰਟੀਓ ਬਠਿੰਡਾ ਨੇ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਹੀ ਬਠਿੰਡਾ ਆਏ ਹਨ ਅਤੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਨ ਹੱਲ ਕੀਤਾ ਜਾਵੇਗਾ। -PTC News ਇਹ ਵੀ ਪੜ੍ਹੋ : ਖੇਤੀਬਾੜੀ ਵਿਕਾਸ ਬੈਂਕ ਨਾਭਾ ਦੇ ਡਾਇਰੈਕਟਰਾਂ ਦੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਬਾਜ਼ੀ