ICC Women's World Cup 2022: ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ
ICC Women's World Cup 2022: ਨਿਊਜ਼ੀਲੈਂਡ ਵਿੱਚ ਖੇਡੇ ਜਾ ਰਹੇ ICC ਮਹਿਲਾ ਵਿਸ਼ਵ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਪਾਕਿਸਤਾਨ ਨੂੰ 245 ਦੌੜਾਂ ਦਾ ਟੀਚਾ ਦਿੱਤਾ। ਜਵਾਬ 'ਚ ਪਾਕਿਸਤਾਨ ਦੀ ਟੀਮ 137 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਟੀਮ ਇੰਡੀਆ ਪਾਕਿਸਤਾਨ ਦੇ ਖਿਲਾਫ 100% ਜਿੱਤ ਦਾ ਰਿਕਾਰਡ ਬਰਕਰਾਰ ਰੱਖ ਰਹੀ ਹੈ। ਪਾਕਿਸਤਾਨੀ ਮਹਿਲਾ ਟੀਮ ਹੁਣ ਤੱਕ ਕਿਸੇ ਵੀ ਵਨਡੇ (ਵਿਸ਼ਵ ਕੱਪ ਦੇ ਕਿਸੇ ਮੈਚ ਵਿੱਚ ਵੀ ਨਹੀਂ) ਭਾਰਤ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਨਿਰਧਾਰਿਤ 50 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 244 ਦੌੜਾਂ ਬਣਾਈਆਂ। ਇੱਕ ਸਮੇਂ ਤਾਂ ਭਾਰਤੀ ਟੀਮ ਖਰਾਬ ਨਜ਼ਰ ਆ ਰਹੀ ਸੀ ਪਰ ਹੇਠਲੇ ਕ੍ਰਮ ਵਿੱਚ ਚੰਗੀ ਬੱਲੇਬਾਜ਼ੀ ਕਰਕੇ ਟੀਮ ਸਨਮਾਨਜਨਕ ਸਕੋਰ ਤੱਕ ਪਹੁੰਚ ਗਈ। ਮੱਧ ਪ੍ਰਦੇਸ਼ ਦੇ ਸ਼ਾਹਡੋਲ ਦੀ ਹਰਫਨਮੌਲਾ ਪੂਜਾ ਵਸਤਰਕਾਰ (67 ਦੌੜਾਂ) ਸਭ ਤੋਂ ਵੱਧ ਸਕੋਰਰ ਰਹੀ। ਪੂਜਾ ਤੋਂ ਇਲਾਵਾ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (52 ਦੌੜਾਂ), ਸਨੇਹਾ ਰਾਣਾ (ਅਜੇਤੂ 53 ਦੌੜਾਂ) ਅਤੇ ਦੀਪਤੀ ਸ਼ਰਮਾ (40 ਦੌੜਾਂ) ਨੇ ਸ਼ਾਨਦਾਰ ਪਾਰੀਆਂ ਖੇਡੀਆਂ। ਪਾਕਿਸਤਾਨ ਲਈ ਨਿਦਾ ਡਾਰ ਅਤੇ ਨਸ਼ਰਾ ਸੰਧੂ ਨੇ 2-2 ਵਿਕਟਾਂ ਲਈਆਂ। ਪਾਕਿਸਤਾਨ ਦੀ ਮਹਿਲਾ ਟੀਮ ਕਦੇ ਵੀ ਮੈਚ ਜਿੱਤਣ ਦੀ ਸਥਿਤੀ 'ਚ ਨਜ਼ਰ ਨਹੀਂ ਆਈ। ਉਸ ਦੀਆਂ ਵਿਕਟਾਂ ਨਿਯਮਤ ਅੰਤਰਾਲਾਂ 'ਤੇ ਡਿੱਗਦੀਆਂ ਰਹੀਆਂ ਅਤੇ ਲੋੜੀਂਦੀ ਰਨ ਰੇਟ ਵਧਦੀ ਰਹੀ। ਸਲਾਮੀ ਬੱਲੇਬਾਜ਼ ਸਿਦਰਾ ਅਮੀਨ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਰਾਜੇਸ਼ਵਰੀ ਗਡਕਵਾੜ ਨੇ 4 ਵਿਕਟਾਂ ਲਈਆਂ। ਦੂਜੇ ਪਾਸੇ ਝੂਲਨ ਗੋਸਵਾਮੀ ਅਤੇ ਸਨੇਹਾ ਰਾਣਾ ਨੇ 2-2 ਵਿਕਟਾਂ ਹਾਸਿਲ ਕੀਤੀਆਂ। ਜਿੱਥੋਂ ਤੱਕ ਇੱਕ-ਰੋਜ਼ਾ ਅੰਤਰਰਾਸ਼ਟਰੀ ਮੈਚਾਂ ਦਾ ਸਬੰਧ ਹੈ, ਦੋਵੇਂ ਟੀਮਾਂ 10 ਮੌਕਿਆਂ 'ਤੇ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ, ਹਰ ਵਾਰ ਵੂਮੈਨ ਇਨ ਬਲੂ (ਭਾਰਤੀ ਟੀਮ) ਦਾ ਦਬਦਬਾ ਰਿਹਾ। ਪਾਕਿਸਤਾਨ ਵਿਸ਼ਵ ਕੱਪ 2009, 2013 ਅਤੇ 2017 ਵਿੱਚ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਹੋਏ ਤਿੰਨ ਮੈਚਾਂ ਵਿੱਚ ਇੱਕ ਵੀ ਜਿੱਤ ਦਰਜ ਨਹੀਂ ਕਰ ਸਕਿਆ ਹੈ। ਇਹ ਵੀ ਪੜ੍ਹੋ:ਅੰਮ੍ਰਿਤਸਰ: BSF ਹੈੱਡ ਕੁਆਰਟਰ ਦੀ ਮੈੱਸ 'ਚ ਹੋਈ ਅੰਨ੍ਹੇਵਾਹ ਫਾਇਰਿੰਗ, 4 ਜਵਾਨਾਂ ਦੀ ਮੌਤ, 8 ਜ਼ਖਮੀ -PTC News