ਲਾਲ ਕਿਲ੍ਹੇ ਦੀ ਹਿੰਸਾ ਤੋਂ ਬਾਅਦ ਸੰਨੀ ਦਿਓਲ ਨੇ ਦੀਪ ਸਿੱਧੂ ਤੋਂ ਝਾੜਿਆ ਪੱਲਾ
26 ਜਨਵਰੀ ਮੌਕੇ ਲਾਲ ਕਿਲੇ ’ਤੇ ਕੇਸਰੀ ਝੰਡਾ ਚੜ੍ਹਾਉਣ ਤੇ ਦੀਪ ਸਿੱਧੂ ਵਲੋਂ ਸਾਥੀਆਂ ਸਮੇਤ ਲਾਲ ਕਿਲੇ ਵੱਲ ਕੂਚ ਕਰਨ ਦੇ ਮਾਮਲੇ ਨੇ ਹਰ ਕਿਸੇ ਨੂੰ ਨਿਰਾਸ਼ ਕਰ ਦਿੱਤਾ ਹੈ। ਜਿਥੇ ਕਿਸਾਨ ਆਗੂ ਦੀਪ ਸਿੱਧੂ ਦੇ ਨਾਲ-ਨਾਲ ਲੱਖਾ ਸਿਧਾਣਾ ’ਤੇ ਆਪਣਾ ਗੁੱਸਾ ਕੱਢ ਰਹੇ ਹਨ, ਉਥੇ ਪੰਜਾਬੀ ਗਾਇਕਾਂ ਵਲੋਂ ਵੀ ਦੀਪ ਸਿੱਧੂ ਦੇ ਇਸ ਕਦਮ ਦੀ ਨਿੰਦਿਆ ਕੀਤੀ ਜਾ ਰਹੀ ਹੈ।
ਇੰਨਾ ਹੀ ਨਹੀਂ ਦੀਪ ਸਿੱਧੂ ਨੂੰ ਆਪਣਾ ਛੋਟਾ ਭਰਾ ਕਹਿਣ ਵਾਲੇ ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਐੱਮ. ਪੀ. ਸੰਨੀ ਦਿਓਲ ਨੇ ਵੀ ਆਪਣਾ ਪੱਲਾ ਝਾੜ ਲਿਆ ਹੈ। ਸੰਨੀ ਦੀਓਲ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਇਕ ਪੋਸਟ ਰਾਹੀਂ ਕਿਹਾ ਕਿ ਅੱਜ ਲਾਲ ਕਿਲ੍ਹੇ 'ਚ ਜੋ ਹੋਇਆ ਉਹ ਦੇਖ ਕੇ ਬਹੁਤ ਮਨ ਦੁੱਖੀ ਹੋਇਆ ਹੈ|ਨਾਲ ਹੀ ਉਨ੍ਹਾਂ ਨੇ ਆਪਣੀ 6 ਦਸੰਬਰ ਵਾਲੀ ਇਕ ਪੋਸਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੈਂ ਪਹਿਲਾਂ ਵੀ ਇਹ ਸਾਫ਼ ਕਰ ਚੁੱਕਾ ਹਾਂ ਕਿ ਦੀਪ ਸਿੱਧੂ ਦਾ ਮੇਰੇ ਜਾਂ ਮੇਰੇ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਹੈ।ਉਹਨਾਂ ਕਿਹਾ ਕਿ ਦੀਪ ਸਿੱਧੂ ਲੰਮੇ ਸਮੇਂ ਤੋਂ ਮੇਰੇ ਨਾਲ ਨਹੀਂ ਹੈ। ਉਹ ਜੋ ਕੁਝ ਕਹਿ ਰਿਹਾ ਹੈ ਤੇ ਕਰ ਰਿਹਾ ਹੈ, ਉਹ ਖੁਦ ਆਪਣੀ ਇੱਛਾ ਨਾਲ ਕਰ ਰਿਹਾ ਹੈ।
ਮੇਰਾ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਹੈ। ਮੈਂ ਆਪਣੀ ਪਾਰਟੀ ਤੇ ਕਿਸਾਨਾਂ ਦੇ ਨਾਲ ਹਾਂ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ। ਸਾਡੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਭਲੇ ਬਾਰੇ ਹੀ ਸੋਚਿਆ ਹੈ ਤੇ ਮੈਨੂੰ ਯਕੀਨ ਹੈ ਕਿ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਕੇ ਸਹੀ ਨਤੀਜੇ ’ਤੇ ਪਹੁੰਚੇਗੀ।
ਕਾਬਿਲੇ ਗੌਰ ਗੱਲ ਇਹ ਵੀ ਹੈ ਕਿ ਜੋ ਸੰਨੀ ਦਿਓਲ ਹੁਣ ਦੀਪ ਸਿੱਧੂ ਤੋਂ ਇਹ ਕਹਿ ਕੇ ਕਿਨਾਰਾ ਕਰ ਰਹੇ ਹਨ ਕਿ ਉਹ ਉਹਨਾਂ ਦੇ ਆਪਸ 'ਚ ਕੋਈ ਸਬੰਧ ਨਹੀਂ ਹਨ ਉਹੀ ਕਦੇ ਦੀਪ ਸਿੱਧੂ ਨੂੰ ਆਪਣਾ ਛੋਟਾ ਭਰਾ ਕਹਿੰਦੇ ਰਹੇ ਹਨ। ਤੇ ਉਹਨਾਂ ਦੇ ਦਿਓਲ ਪਰਿਵਾਰ ਨਾਲ ਕਾਫੀ ਚੰਗੇ ਸਬੰਧ ਵੀ ਰਹੇ ਹਨ।