ਸਲਮਾਨ ਖ਼ਾਨ ਨੇ ਕਿਹਾ, ਮੈਨੂੰ ਨਹੀਂ ਮਿਲੀ ਕੋਈ ਧਮਕੀ : ਕਿਸੇ ਲਾਰੈਂਸ ਜਾਂ ਗੋਲਡੀ ਨੂੰ ਨਹੀਂ ਜਾਣਦਾ
ਮੁੰਬਈ : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੂੰ ਮਿਲੀ ਧਮਕੀ ਭਰੀ ਚਿੱਠੀ ਦੇ ਸਬੰਧ 'ਚ ਮੁੰਬਈ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਦੇ ਨਾਂ ਉਤੇ ਮਾਮਲਾ ਦਰਜ ਕੀਤਾ ਹੈ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਸਲਮਾਨ ਦਾ ਬਿਆਨ ਦਰਜ ਕਰ ਲਿਆ ਹੈ। ਖ਼ਬਰਾਂ ਮੁਤਾਬਕ ਸਲਮਾਨ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਧਮਕੀਆਂ ਮਿਲਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ 'ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਕਿਸੇ ਨੇ ਮੈਨੂੰ ਧਮਕੀ ਦਿੱਤੀ ਹੈ।' ਬਾਂਦਰਾ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਉਣ ਤੋਂ ਬਾਅਦ ਸਲਮਾਨ ਖ਼ਾਨ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਲਈ ਹੈਦਰਾਬਾਦ ਰਵਾਨਾ ਹੋ ਗਏ ਹਨ। ਇੱਥੇ ਉਸਦਾ 25 ਦਿਨਾਂ ਦਾ ਕਾਰਜਕ੍ਰਮ ਹੈ। ਸਲਮਾਨ ਦੇ ਹੈਦਰਾਬਾਦ ਪਹੁੰਚਣ ਤੋਂ ਪਹਿਲਾਂ ਬਾਡੀਗਾਰਡ ਸ਼ੇਰਾ ਤੇ ਉਨ੍ਹਾਂ ਦੀ ਟੀਮ ਪਹੁੰਚ ਚੁੱਕੀ ਹੈ। ਖ਼ਬਰਾਂ ਮੁਤਾਬਕ ਬਾਂਦਰਾ ਪੁਲਿਸ ਨੇ ਸਲਮਾਨ ਤੋਂ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਾਰੇ ਪੁੱਛਿਆ। ਇਸ ਉਤੇ ਸਲਮਾਨ ਨੇ ਕਿਹਾ, 'ਮੈਨੂੰ ਧਮਕੀ ਭਰੇ ਪੱਤਰ ਨੂੰ ਲੈ ਕੇ ਕਿਸੇ 'ਤੇ ਸ਼ੱਕ ਨਹੀਂ ਹੈ। ਅੱਜ ਕੱਲ੍ਹ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ 2018 ਵਿੱਚ ਲਾਰੈਂਸ ਬਾਰੇ ਸੁਣਿਆ ਸੀ ਕਿਉਂਕਿ ਉਦੋਂ ਉਸ ਨੇ ਮੈਨੂੰ ਧਮਕੀ ਦਿੱਤੀ ਸੀ ਪਰ ਮੈਂ ਗੋਲਡੀ ਅਤੇ ਲਾਰੈਂਸ ਨੂੰ ਨਹੀਂ ਜਾਣਦਾ।' ਧਮਕੀ ਬਾਰੇ ਗੱਲ ਕਰਦਿਆਂ ਉਸ ਨੇ ਪੁਲਿਸ ਨੂੰ ਦੱਸਿਆ ਕਿ 'ਹਾਲ ਹੀ ਵਿੱਚ ਮੇਰੀ ਕਿਸੇ ਨਾਲ ਕੋਈ ਲੜਾਈ ਜਾਂ ਝਗੜਾ ਨਹੀਂ ਹੋਇਆ। ਮੈਨੂੰ ਕੋਈ ਧਮਕੀ ਭਰਿਆ ਸੁਨੇਹਾ ਜਾਂ ਕਾਲ ਵੀ ਨਹੀਂ ਮਿਲੀ। ਮੈਨੂੰ ਨਹੀਂ ਮੇਰੇ ਪਿਤਾ ਜੀ ਨੂੰ ਚਿੱਠੀ ਜ਼ਰੂਰ ਮਿਲੀ। ਜਦੋਂ ਉਹ ਸਵੇਰੇ ਸੈਰ ਲਈ ਨਿਕਲੇ ਸਨ। ਮੁੰਬਈ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। 8 ਟੀਮਾਂ ਲਗਾਤਾਰ ਇਸ ਮਾਮਲੇ ਦੀਆਂ ਵੱਖ-ਵੱਖ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ। ਬਾਂਦਰਾ ਇਲਾਕੇ 'ਚ ਲੱਗੇ 200 ਸੀਸੀਟੀਵੀ ਦੀ ਜਾਂਚ ਤੋਂ ਬਾਅਦ ਕੁਝ ਸ਼ੱਕੀ ਵਿਅਕਤੀ ਸਾਹਮਣੇ ਆਏ ਹਨ ਪਰ ਅਜੇ ਤੱਕ ਕੋਈ ਵੀ ਫੜਿਆ ਨਹੀਂ ਗਿਆ ਹੈ। ਜਿਸ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਵਿੱਚ ਗਲੈਕਸੀ ਅਪਾਰਟਮੈਂਟਸ ਵਿੱਚ ਲੱਗੇ ਕੈਮਰੇ ਵੀ ਸ਼ਾਮਲ ਹਨ। ਮੁੰਬਈ ਪੁਲਿਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਸਲਮਾਨ ਖ਼ਾਨ ਨੂੰ ਮਿਲੇ ਧਮਕੀ ਪੱਤਰ ਦੇ ਅੰਤ ਵਿੱਚ ਜੀਬੀ ਤੇ ਐਲਬੀ ਲਿਖਿਆ ਹੋਇਆ ਸੀ। ਇਸ ਦਾ ਮਤਲਬ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਹੋ ਸਕਦਾ ਹੈ ਪਰ ਕੀ ਇਹ ਚਿੱਠੀ ਸੱਚਮੁੱਚ ਲਾਰੈਂਸ ਗੈਂਗ ਨਾਲ ਸਬੰਧਤ ਹੈ ਜਾਂ ਕਿਸੇ ਨੇ ਸ਼ਰਾਰਤ ਕੀਤੀ ਹੈ ਇਹ ਅਜੇ ਸਪੱਸ਼ਟ ਨਹੀਂ ਹੋਇਆ। ਇਹ ਵੀ ਪੜ੍ਹੋ : ਹੈਰਾਨੀਜਨਕ : 2 ਸਾਲ ਦੇ ਬੱਚੇ ਨੇ ਪਿਤਾ ਨੂੰ ਮਾਰੀ ਗੋਲ਼ੀ, ਮਾਂ ਨੂੰ ਬਣਾਇਆ ਗਿਆ ਮੁਲਜ਼ਮ