ਫਗਵਾੜਾ 'ਚ ਸ਼ੱਕ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ
ਫਗਵਾੜਾ: ਫਗਵਾੜਾ ਵਿਚ ਸ਼ੱਕ ਦੇ ਚੱਲਦਿਆ ਪਤੀ ਵੱਲੋਂ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਹ ਮਾਮਲਾ ਨਜਦੀਕ ਪਿੰਡ ਨਾਨਕ ਨਗਰੀ ਚਹੇੜੂ ਵਿਖੇ ਦਾ ਹੈ ਜਿਥੇ ਭੇਦਭਰੇ ਹਾਲਾਤਾਂ ਵਿਚ ਵਿੱਚ ਪਤੀ ਨੇ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਹਿਚਾਣ ਸੁਰਿੰਦਰ ਕੌਰ ਵੱਜੋਂ ਹੋਈ ਹੈ।
ਮ੍ਰਿਤਕ ਔਰਤ ਦੇ ਲੜਕੇ ਗੁਰਪ੍ਰੀਤ ਨੇ ਦੱਸਿਆ ਕਿ ਘਰੇਲੂ ਝਗੜੇ ਦੇ ਚੱਲਦਿਆ ਉਸ ਦੀ ਮਾਂ ਆਪਣੇ ਛੋਟੇ ਲੜਕੇ ਨਾਲ ਕਰੀਬ 2 ਮਹੀਨੇ ਤੋਂ ਲੁਧਿਆਣਾ ਰਹਿ ਰਹੀ ਸੀ ਤੇ 15-20 ਦਿਨ ਪਹਿਲਾਂ ਹੀ ਰਾਜੀਨਾਮਾ ਹੋਣ ਤੋਂ ਬਾਅਦ ਪਿੰਡ ਵਿਖੇ ਆਈ ਸੀ।
ਗੁਰਪ੍ਰੀਤ ਮੁਤਾਬਿਕ ਉਹ ਜਦੋਂ ਦੁਪਿਹਰ 12 ਵਜੇ ਸਕੂਲ ਤੋਂ ਘਰ ਪਹੁੰਚਿਆ ਤਾਂ ਦੇਖਿਆ ਕਿ ਉਸ ਦੀ ਮਾਂ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੋਈ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੀ ਮਾਂ ਦਾ ਕਤਲ ਉਸ ਦੇ ਪਿਤਾ ਕਿਸ਼ਨ ਲਾਲ ਨੇ ਸ਼ੱਕ ਦੇ ਚੱਲਦਿਆ ਕੀਤਾ ਹੈ। ਜਿਸ ਤੋਂ ਬਾਅਦ ਉਨਾਂ ਇਸ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ।
ਉਧਰ ਕਤਲ ਦੀ ਸੂਚਨਾ ਮਿਲਦੇ ਸਾਰ ਹੀ ਐੱਸ.ਪੀ ਫਗਵਾੜਾ ਸਰਬਜੀਤ ਸਿੰਘ ਬਾਹੀਆ ਅਤੇ ਡੀ.ਐੱਸ.ਪੀ ਪਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਡੀ.ਐੱਸ.ਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਬੇਟੇ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTC News