ਸੈਂਕੜੇ ਏਕੜ ਸੂਰਜਮੁਖੀ ਫ਼ਸਲ ਹੋਈ ਤਬਾਹ, ਨਕਲੀ ਬੀਜ ਵੇਚਣ ਵਾਲੀ ਕੰਪਨੀ ਖ਼ਿਲਾਫ਼ ਧਰਨਾ ਜਾਰੀ
ਪਟਿਆਲਾ : ਰਾਜਪੁਰਾ ਤਹਿਸੀਲ ਦੇ ਪਿੰਡ ਚਲਹੇੜੀ ਤੇ ਰਾਮਨਗਰ ਤੇ ਹੋਰ ਕਈ ਪਿੰਡਾਂ ਦੇ ਕਿਸਾਨਾਂ ਦੀ ਕਈ ਸੈਂਕੜੇ ਏਕੜ ਸੂਰਜਮੁਖੀ ਦੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ। ਬੀਜ ਵਿਕ੍ਰੇਤਾਵਾਂ ਵੱਲੋਂ ਨਕਲੀ ਬੀਜ ਦੇਣ ਕਾਰਨ ਕਰਜ਼ੇ ਥੱਲੇ ਦੱਬੇ ਕਿਸਾਨਾਂ ਦੇ ਹੋਰ ਆਰਥਿਕ ਨੁਕਸਾਨ ਹੋ ਗਿਆ। ਨਕਲੀ ਬੀਜ ਵੇਚਣ ਵਾਲੀ ਕੰਪਨੀ ਹੈਦਰਾਬਾਦ ਦੀ ਹੈ ਅਤੇ ਪੜਤਾਲ ਕਰਨ ਉਤੇ ਪਤਾ ਲੱਗਾ ਕਿ 2009 ਤੋਂ ਬਾਅਦ ਇਹ ਕੰਪਨੀ ਹੋਂਦ ਵਿੱਚ ਨਹੀਂ ਹੈ। ਹੈਰਾਨੀ ਦੀ ਉਦੋਂ ਹੱਦ ਨਾ ਰਹੀ ਜਦੋਂ ਪਤਾ ਲੱਗਾ ਕਿ ਖੇਤੀਬਾੜੀ ਮਹਿਕਮੇ ਨੇ ਬੀਜ ਵੇਚਣ ਵਾਲੀ ਇਸ ਕੰਪਨੀ ਨੂੰ 2022 ਵਿੱਚ ਵੀ ਲਾਇਸੈਂਸ ਦਿੱਤਾ ਹੋਇਆ ਹੈ। ਇਨ੍ਹਾਂ ਬੀਜ ਵੇਚਣ ਵਾਲਿਆਂ ਨੇ ਜਾਅਲੀ ਥੈਲੀਆਂ ਬਣਾ ਕੇ ਨਕਲੀ ਬੀਜ ਭਰਕੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਹੋਏ ਜਿੱਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਉਥੇ ਇਕ ਏਕੜ ਮਗਰ 75000 ਤੋਂ ਲੈ ਕੇ 78000 ਰੁਪਏ ਦਾ ਕਿਸਾਨਾਂ ਦਾ ਫ਼ਸਲ ਦਾ ਨੁਕਸਾਨ ਵੀ ਕੀਤਾ ਹੈ। ਇਸ ਦੇ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਸਬੰਧਤ ਕਿਸਾਨ ਲਗਾਤਾਰ ਧਰਨੇ ਉੱਤੇ ਬੈਠੇ ਹਨ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਨਕਲੀ ਬੀਜ ਵੇਚਣ ਵਾਲੀਆਂ ਕੰਪਨੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਡਾ. ਦਰਸ਼ਨਪਾਲ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਦੱਸਿਆ ਕਿ ਰਾਜਪੁਰਾ ਸ਼ਹਿਰ ਵਿੱਚ 10 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ ਪਰ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਣ ਆਇਆ। ਇਸ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਭਰਾਵਾਂ ਦੇ ਹੋਏ ਨੁਕਸਾਨ ਦਾ ਸਰਕਾਰ ਮੁਆਵਜ਼ਾ ਦਵੇ ਅਤੇ ਅਜਿਹੀਆਂ ਨਕਲੀ ਬੀਜ ਵੇਚ ਕੇ ਕਿਸਾਨਾਂ ਨੂੰ ਤਬਾਹ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਵਿੱਚ ਇਕ ਕਿਸਾਨ ਨੇ 60 ਏਕੜ ਮੂੰਗੀ ਦੀ ਫ਼ਸਲ ਵਾਹ ਦਿੱਤੀ ਹੈ ਕਿਉਂਕਿ ਫ਼ਸਲ ਨੂੰ ਫਲ ਨਹੀਂ ਲੱਗਿਆ ਸੀ। ਇਸ ਕਾਰਨ ਕਿਸਾਨ ਦਾ ਭਾਰੀ ਨੁਕਸਾਨ ਹੋਇਆ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇਸ ਸਬੰਧੀ ਕਿਸਾਨ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਰਾਜ ਆਫ਼ਤ ਨਜਿੱਠਣ ਫੰਡ’ ਕਾਇਮ ਕਰਨ ਨੂੰ ਮਨਜ਼ੂਰੀ