ਮੁਹਾਲੀ ਝੂਲੇ ਹਾਦਸੇ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ, 10 ਦਿਨਾਂ 'ਚ DC ਤੋਂ ਮੰਗੀ ਰਿਪੋਰਟ
ਮੁਹਾਲੀ: ਮੁਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿੱਚ ਹੋਏ ਝੂਲੇ ਹਾਦਸੇ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਨੋਟਿਸ ਲਿਆ ਹੈ। ਇਸ ਦੇ ਨਾਲ ਉਨ੍ਹਾਂ ਨੇ ਇਸ ਹਾਦਸੇ ਸਬੰਧੀ DC ਮੋਹਾਲੀ ਤੋਂ 10 ਦਿਨਾਂ 'ਚ ਰਿਪੋਰਟ ਵੀ ਮੰਗੀ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀਸੀ ਤੋਂ ਮਾਮਲੇ ਦੀ ਰਿਪੋਰਟ 17 ਸਤੰਬਰ ਤੱਕ ਤਲਬ ਕੀਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀ ਮੁਹਾਲੀ 'ਚ ਝੂਲਾ ਟੁੱਟਣ ਦੀ ਜਾਂਚ ਲਈ ਚਾਰ ਮੈਂਬਰੀ ਪੈਨਲ ਗਠਿਤ ਕੀਤਾ ਗਿਆ ਸੀ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਇਸ ਘਟਨਾ ਦੀ ਜਾਂਚ ਲਈ ਮੁਹਾਲੀ ਦੇ ਏਡੀਸੀ, ਐਸਡੀਐਮ, ਗਮਾਡਾ ਦੇ ਸੁਪਰਡੈਂਟ ਇੰਜਨੀਅਰ ਅਤੇ ਇੰਡਸਟਰੀਜ਼ ਬਾਡੀ ਦੇ ਇੱਕ ਮੈਂਬਰ ਦੀ ਸ਼ਮੂਲੀਅਤ ਵਾਲੀ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ।ਦੱਸ ਦੇਈਏ ਕਿ ਮੋਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿੱਚ ਹੋਏ ਝੂਲੇ ਹਾਦਸੇ ਵਿੱਚ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਦਸੇ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਸੀ। ਮੁਲਜ਼ਮਾਂ ਦੀ ਪਛਾਣ ਮੇਲੇ ਦੇ ਪ੍ਰਬੰਧਕ ਮੁਕੇਸ਼ ਕੁਮਾਰ, ਝੂਲੇ ਦੇ ਮਾਲਕ ਗੌਰਵ ਕੁਮਾਰ ਅਤੇ ਆਰਿਫ਼ ਸੰਚਾਲਕ ਵਜੋਂ ਹੋਈ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਿਸ ਨੇ ਮੌਕੇ 'ਤੇ ਜੈਪੁਰ ਨਿਵਾਸੀ ਮੁਕੇਸ਼ ਸ਼ਰਮਾ ਅਤੇ ਉਸ ਦੇ ਸਟਾਫ਼ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਬਾਅਦ ਤਿੰਨ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਮੰਗਲਵਾਰ ਨੂੰ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਸ਼ਹਿਰ ਤੋਂ ਹੀ ਗ੍ਰਿਫਤਾਰ ਕਰ ਲਿਆ। ਆਈਪੀਸੀ ਦੀ ਧਾਰਾ 287 (ਮਸ਼ੀਨਰੀ ਦੇ ਸਬੰਧ ਵਿੱਚ ਲਾਪਰਵਾਹੀ ਵਾਲਾ ਵਿਵਹਾਰ), 336 (ਮਨੁੱਖੀ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲਾ ਕੰਮ), 337 (ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੇ ਕੰਮ ਦੁਆਰਾ ਨੁਕਸਾਨ ਪਹੁੰਚਾਉਣਾ), 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ) ਅਤੇ 341 (ਗਲਤ ਸੰਜਮ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਪੜ੍ਹੋ: ਲੁਧਿਆਣਾ ਧਮਾਕਾ ਦੇ ਮੁੱਖ ਮੁਲਜ਼ਮ ਹਰਜੀਤ ਸਿੰਘ 'ਤੇ NIA ਨੇ 10 ਲੱਖ ਰੁਪਏ ਇਨਾਮ ਰੱਖਿਆ ਗੌਰਤਲਬ ਹੈ ਕਿ ਐਤਵਾਰ ਨੂੰ ਫੇਜ਼-8 ਦੁਸਹਿਰਾ ਗਰਾਊਂਡ ਵਿੱਚ ਚੱਲ ਰਹੇ ਮੇਲੇ ਦੌਰਾਨ ਡਰਾਪ ਟਾਵਰ ਦਾ ਝੂਲਾ ਸਿਰਫ਼ ਤਿੰਨ ਸਕਿੰਟਾਂ ਵਿੱਚ 50 ਫੁੱਟ ਦੀ ਉਚਾਈ ਤੋਂ ਡਿੱਗ ਗਿਆ ਸੀ। ਇਸ ਹਾਦਸੇ 'ਚ 30 ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 16 ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। -PTC News