ਮਨੁੱਖੀ ਅਧਿਕਾਰਾਂ ਦੀ ਕਾਰਕੁੰਨ ਜਸਵਿੰਦਰ ਸੋਹਲ ਵੱਲੋਂ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ
ਲੁਧਿਆਣਾ : ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਣਾਉਣਾ ਅਜੇ ਬਾਕੀ ਹੈ। ਇਸੇ ਨੂੰ ਲੈ ਕੇ ਅੱਜ ਮਨੁੱਖੀ ਅਧਿਕਾਰ ਸੰਗਠਨ ਦੀ ਕਾਰਕੁੰਨ ਜਸਵਿੰਦਰ ਕੌਰ ਸੋਹਲ ਅੱਜ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦੇ ਘਰ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਿਰਫ ਐਸਜੀਪੀਸੀ ਜਾਂ ਸਿੱਖਾਂ ਦਾ ਮੁੱਦਾ ਨਹੀਂ ਹੈ, ਇਹ ਮਨੁੱਖੀ ਅਧਿਕਾਰਾਂ ਦੀ ਘਾਲਣਾ ਦਾ ਵਿਸ਼ਾ ਹੈ ਜਿਸ ਉਤੇ ਕੋਈ ਨਾ ਕੋਈ ਫੈਸਲਾ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸਿਰਫ ਸਿੱਖ ਕੈਦੀ ਹੀ ਨਹੀਂ ਸਗੋਂ ਜਿਹੜੇ ਹੋਰਨਾਂ ਧਰਮਾਂ ਦੇ ਕੈਦੀ ਹਨ ਅਸੀਂ ਉਨ੍ਹਾਂ ਲਈ ਵੀ ਅਵਾਜ਼ ਬੁਲੰਦ ਕਰਾਂਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪ੍ਰਕਾਸ਼ ਪੁਰਬ ਮੌਕੇ ਨੋਟੀਫਿਕੇਸ਼ਨ ਜਾਰੀ ਕਰਕੇ ਬਕਾਇਦਾ ਇਸ ਸਬੰਧੀ ਕਿਹਾ ਸੀ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਕੌਰ ਨੇ ਵੀ ਕਿਹਾ ਕਿ ਰਵਨੀਤ ਬਿੱਟੂ ਨੂੰ ਇਸ ਮਾਮਲੇ ਉਤੇ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਨੂੰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਹਮਾਇਤ ਕਰਨੀ ਚਾਹੀਦੀ ਹੈ। ਉਧਰ ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ 27 ਸਾਲ ਤੋਂ ਉਹ ਚੱਕੀ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਅੱਜ ਜਸਵਿੰਦਰ ਕੌਰ ਸਾਨੂੰ ਹਮਾਇਤ ਦੇਣ ਆਏ ਹਨ। ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਤੇ ਇਸ ਨਾਲ ਵੱਡਾ ਹੌਸਲਾ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰਾਂ ਨੂੰ ਜਲਦ ਇਸ ਉਤੇ ਫੈਸਲਾ ਕਰਨਾ ਚਾਹੀਦਾ ਹੈ। -PTC News ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਤੇ ਮਨਪ੍ਰੀਤ ਮੰਨਾ ਗਿਰੋਹ ਦਾ ਇਕ ਹੋਰ ਗੁਰਗਾ ਕਾਬੂ