ਬੇਕਾਬੂ ਹੋਈ HRTC ਬੱਸ , ਡਰਾਈਵਰ ਦੀ ਮੌਤ, ਕਈ ਜ਼ਖ਼ਮੀ
ਮੰਡੀ : ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇਅ ਪੰਡੋਹ ਨੇੜੇ ਡੂਡ ਵਿਖੇ ਮਨਾਲੀ ਤੋਂ ਸ਼ਿਮਲਾ ਜਾ ਰਹੀ ਐਚਆਰਟੀਸੀ ਬੱਸ ਪਹਾੜੀ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਹਾਦਸੇ 'ਚ ਡਰਾਈਵਰ ਦੀ ਮੌਤ ਹੋ ਗਈ, ਜਦਕਿ ਕੁਝ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਜ਼ੋਨਲ ਹਸਪਤਾਲ ਮੰਡੀ ਲਿਜਾਇਆ ਜਾ ਰਿਹਾ ਹੈ, ਜਦਕਿ ਕੁਝ ਜ਼ਖਮੀਆਂ ਦਾ ਪੰਡੋਹ ਦੇ ਸਿਹਤ ਕੇਂਦਰ 'ਚ ਇਲਾਜ ਚੱਲ ਰਿਹਾ ਹੈ। ਹਾਦਸਾ ਕਰੀਬ ਇੱਕ ਵਜੇ ਵਾਪਰਿਆ। ਯਾਤਰੀਆਂ ਵਿੱਚ ਦੋ ਇਜ਼ਰਾਈਲੀ ਨਾਗਰਿਕ ਵੀ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸ਼ਾਲਿਨੀ ਅਗਨੀਹੋਤਰੀ, ਐੱਸ.ਪੀ, ਮੰਡੀ, ਹਿਮਾਚਲ ਪ੍ਰਦੇਸ਼ ਤੋਂ ਮਿਲੀਜਾਣਕਾਰੀ ਦੇ ਮੁਤਾਬਿਕ ਮਨਾਲੀ ਤੋਂ ਸ਼ਿਮਲਾ ਜਾ ਰਹੀ ਐਚਆਰਟੀਸੀ ਬੱਸ ਪਹਾੜੀ ਨਾਲ ਟਕਰਾ ਗਈ, ਜਿਸ ਕਾਰਨ ਬੱਸ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਜ਼ੋਨਲ ਮੰਡੀ ਹਸਪਤਾਲ 'ਚ ਹੁਣ ਤੱਕ 28 ਲੋਕ ਦਾਖਲ ਹਨ, 6 ਲੋਕ ਮੈਡੀਕਲ ਕਾਲਜ 'ਚ ਦਾਖਲ ਹਨ ਤੇ 1 ਬੱਚੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੈ ਹੈ। ਸਾਰੇ ਦਾਖਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਟੀਮ ਵੱਲੋਂ ਬਚਾਅ ਕਾਰਜ ਕਰ ਰਹੀ ਹੈ। ਇਹ ਵੀ ਪੜ੍ਹੋ : ਫ਼ਸਲ ਦੀ ਲਿਫਟਿੰਗ ਤੇ ਕਿਸਾਨਾਂ ਨੂੰ ਅਦਾਇਗੀ 'ਚ ਦੇਰੀ ਨਾ ਹੋਵੇ : ਭਗਵੰਤ ਸਿੰਘ ਮਾਨ ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਡਰਾਈਵਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਬੱਚਾ ਵੀ ਗੰਭੀਰ ਜ਼ਖਮੀ ਹੋ ਗਿਆ। ਐਸਪੀ ਮੰਡੀ ਸ਼ਾਲਿਨੀ ਅਗਨੀਹੋਤਰੀ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਹੀ ਪੁਲਿਸ ਨੂੰ ਮੌਕੇ 'ਤੇ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਰਾਹਤ ਕਾਰਜ ਜਾਰੀ ਹੈ। -PTC News